ਦਵਿੰਦਰ ਪਾਲ
ਚੰਡੀਗੜ੍ਹ, 19 ਅਗਸਤ
ਪੰਜਾਬ ਪੁਲੀਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਦਾ ਆਪਣੇ ਕਾਰਜਕਾਲ ਦੌਰਾਨ ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ। ਪੰਜਾਬ ਪੁਲੀਸ ਦੇ 1982 ਬੈਚ ਦੇ ਇਸ ਸਾਬਕਾ ਪੁਲੀਸ ਅਧਿਕਾਰੀ ਨੇ ਐੱਸਐੱਸਪੀ ਦੇ ਅਹੁਦੇ ਸਮੇਂ ਵੱਡੇ ਵਿਵਾਦ ਸਹੇੜੇ। ਉਸ ਦੀ ਗ੍ਰਿਫ਼ਤਾਰੀ ਉਸੇ ਵਿਜੀਲੈਂਸ ਬਿਊਰੋ ਨੇ ਕੀਤੀ, ਜਿਸ ਦਾ ਉਹ ਪੰਜ ਸਾਲ ਮੁਖੀ ਰਿਹਾ। ਵਿਜੀਲੈਂਸ ਦਾ ਮੁਖੀ ਹੁੰਦਿਆਂ ਉਸ ਨੇ ਸਤੰਬਰ 2007 ਵਿੱਚ ਪੰਜਾਬ ਪੁਲੀਸ ਤੇ ਮਹਾਰਾਸ਼ਟਰ ਪੁਲੀਸ ਦੇ ਡੀਜੀਪੀ ਰਹੇ ਸਰਬਦੀਪ ਸਿੰਘ ਵਿਰਕ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਸ ਤਰ੍ਹਾਂ ਸ੍ਰੀ ਸੈਣੀ ਦੂਜੇ ਅਜਿਹੇ ਪੁਲੀਸ ਅਧਿਕਾਰੀ ਹਨ, ਜਿਨ੍ਹਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ।
ਸੁਮੇਧ ਸੈਣੀ ’ਤੇ ਅਤਿਵਾਦ ਸਮੇਂ ਮਨੁੱਖੀ ਹੱਕਾਂ ਦਾ ਘਾਣ ਕਰਨ ਦੇ ਦੋਸ਼ ਵੀ ਲੱਗੇ। ਇਕ ਮਾਮਲੇ ਵਿੱਚ ਉਸ ਨੂੰ ਦਿੱਲੀ ਦੀ ਸੀਬੀਆਈ ਅਦਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਸੈਣੀ ਨੂੰ ਅਕਾਲੀ-ਭਾਜਪਾ ਸਰਕਾਰ ਨੇ ਸਾਲ 2012 ਵਿੱਚ ਡੀਜੀਪੀ ਦੇ ਅਹੁਦੇ ’ਤੇ ਤਾਇਨਾਤ ਕੀਤਾ ਸੀ। ਤਤਕਾਲੀ ਸਰਕਾਰ ਦੇ ਇਸ ਫੈਸਲੇ ਦੀ ਭਾਵੇਂ ਕਾਫ਼ੀ ਆਲੋਚਨਾ ਹੋਈ ਸੀ, ਪਰ ਅਕਾਲੀਆਂ ਨੇ ਪ੍ਰਵਾਹ ਨਾ ਕੀਤੀ। ਸਾਲ 2015 ਵਿੱਚ ਜਦੋਂ ਕੋਟਕਪੂਰਾ ਅਤੇ ਬਹਬਿਲ ਕਲਾਂ ਗੋਲੀ ਕਾਂਡ ਵਾਪਰੇ ਤਾਂ ਸੈਣੀ ਹੀ ਪੁਲੀਸ ਮੁਖੀ ਸੀ ਤੇ ਸਰਕਾਰ ਦੀ ਹਾਲਤ ਏਨੀ ਵਿਰੋਧਾਭਾਸ ਵਾਲੀ ਬਣ ਗਈ ਸੀ ਕਿ ਉਸ ਨੂੰ ਅਹੁਦੇ ਤੋਂ ਲਾਂਭੇ ਕਰਨਾ ਪਿਆ ਸੀ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਉਸ ਨੂੰ ਇੱਕ ਤੋਂ ਬਾਅਦ ਇੱਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਪੁਲੀਸ ਵੱਲੋਂ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਨਾਮਜ਼ਦ ਕਰਨ ਸਮੇਤ ਅਤਿਵਾਦ ਵੇਲੇ ਬਲਵੰਤ ਸਿੰਘ ਮੁਲਤਾਨੀ ਨੂੰ ਕਤਲ ਕਰਨ ਦੇ ਦੋਸ਼ਾਂ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ। ਸ੍ਰੀ ਸੈਣੀ ਨੇ ਰਾਹਤ ਲੈਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। ਪੰਜਾਬ ਵਿਜੀਲੈਂਸ ਬਿਊਰੋ ਨੇ ਉਸ ਨੂੰ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ਵਿੱਚ ਨਾਮਜ਼ਦ ਤਾਂ ਕੀਤਾ ਸੀ, ਪਰ ਵਿਜੀਲੈਂਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ ਕਾਰਨ ਗ੍ਰਿਫਤਾਰ ਨਾ ਕਰ ਸਕੀ। ਅਖੀਰ ਲੰਘੀ ਰਾਤ ਉਸ ਨੂੰ ਇੱਕ ਹੋਰ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ।