ਆਤਿਸ਼ ਗੁਪਤਾ
ਚੰਡੀਗੜ੍ਹ, 15 ਨਵੰਬਰ
ਮੁੱਖ ਅੰਸ਼
- ਚੰਡੀਗੜ੍ਹ ਪੁਲੀਸ ’ਤੇ ਅਣਮਨੁੱਖੀ ਵਤੀਰੇ ਦੇ ਦੋਸ਼
- ਗ੍ਰਿਫ਼ਤਾਰੀ ਅਤੇ ਈਡੀ ਰਿਮਾਂਡ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਚੁਣੌਤੀ ਦਿੱਤੀ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਈਡੀ ਰਿਮਾਂਡ ਦੌਰਾਨ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਸ੍ਰੀ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਕੀਤਾ। ਮਹਿਤਾਬ ਖਹਿਰਾ ਅਨੁਸਾਰ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਰਿਮਾਂਡ ਦੌਰਾਨ ਦਿਨ ਭਰ ਪੁੱਛਗਿੱਛ ਤੋਂ ਬਾਅਦ ਚੰਡੀਗੜ੍ਹ ਪੁਲੀਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਸੈਕਟਰ 19 ਦੇ ਥਾਣੇ ’ਚ ਰੱਖਿਆ ਗਿਆ ਹੈ। ਮਹਿਤਾਬ ਖਹਿਰਾ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਪੁਲੀਸ ਸੁਖਪਾਲ ਖਹਿਰਾ ਨਾਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਕੜਾ ਉਤਾਰਨ ਲਈ ਕਿਹਾ ਜਾ ਰਿਹਾ ਹੈ ਜੋ ਕਿ ਸਿੱਖੀ ’ਤੇ ਹਮਲਾ ਹੈ। ਦੂਜੇ ਪਾਸੇ, ਸੁਖਪਾਲ ਖਹਿਰਾ ਨੇ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ, ਉਹ ਭੁੱਖ ਹੜਤਾਲ ’ਤੇ ਰਹਿਣਗੇ।
ਮਹਿਤਾਬ ਖਹਿਰਾ ਨੇ ਦੱਸਿਆ ਕਿ ਈਡੀ ਰਿਮਾਂਡ ਦੌਰਾਨ ਪੁਲੀਸ ਵੱਲੋਂ ਸੁਖਪਾਲ ਖਹਿਰਾ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸ੍ਰੀ ਖਹਿਰਾ ਦੇ ਸਰੀਰ ’ਤੇ ਇਨਫੈਕਸ਼ਨ ਕਾਰਨ ਧੱਫੜ ਪੈ ਗਏ ਹਨ, ਜਿਸ ਲਈ ਦਵਾਈ ਦੇਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਅਜਿਹੀ ਕਾਰਵਾਈ ਵਿਰੁੱਧ ਮੁਹਾਲੀ ਦੀ ਜ਼ਿਲ੍ਹਾ ਅਦਾਲਤ ’ਚ ਅਰਜ਼ੀ ਦਾਇਰ ਕੀਤੀ ਗਈ ਹੈ। ਦੂਜੇ ਪਾਸੇ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਅਤੇ ਈਡੀ ਰਿਮਾਂਡ ਨੂੰ ਵੀ ਚੁਣੌਤੀ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਨੇ 11 ਨਵੰਬਰ ਨੂੰ ਸੈਕਟਰ 18 ਸਥਿਤ ਈਡੀ ਦਫ਼ਤਰ ’ਚ ਪੁੱਛ-ਪੜਤਾਲ ਲਈ ਸੱਦਿਆ ਸੀ ਜਿੱਥੇ ਮੁੱਢਲੀ ਪੁੱਛ ਪੜਤਾਲ ਤੋਂ ਬਾਅਦ ਕਾਂਗਰਸੀ ਆਗੂ ਦੀ ਗ੍ਰਿਫ਼ਤਾਰੀ ਪਾ ਦਿੱਤੀ ਗਈ ਸੀ। ਈਡੀ ਨੇ ਸ੍ਰੀ ਖਹਿਰਾ ਨੂੰ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਵਧੀਕ ਸੈਸ਼ਨ ਜੱਜ ਦੀ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਸੀ, ਜਿਨ੍ਹਾਂ ਨੂੰ 18 ਨਵੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਈਡੀ ਵੱਲੋਂ ਰੋਜ਼ ਸੁਖਪਾਲ ਖਹਿਰਾ ਨੂੰ ਸੈਕਟਰ 18 ਸਥਿਤ ਦਫ਼ਤਰ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਦਿਨ ਭਰ ਪੁੱਛ-ਪੜਤਾਲ ਤੋਂ ਬਾਅਦ ਸ਼ਾਮ ਨੂੰ ਚੰਡੀਗੜ੍ਹ ਪੁਲੀਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।