ਦਲਬੀਰ ਸੱਖੋਵਾਲੀਆ
ਬਟਾਲਾ, 9 ਨਵੰਬਰ
ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਤਰੁਣਵੀਰ ਸਿੰਘ ਲਹਿਲ ਨੂੰ ਵਧੀਕ ਐਡਵੋਕੇਟ ਜਨਰਲ ਨਿਯੁਕਤ ਕੀਤੇ ਜਾਣ ’ਤੇ ਸ੍ਰੀ ਰੰਧਾਵਾ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਯਾਦ ਕਰਵਾਉਂਦਿਆਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਜਦੋਂ ਉਨ੍ਹਾਂ ਦੇ ਪੁੱਤਰ ਦੇ ਪੰਜਾਬ ਸਰਕਾਰ ’ਚ ਪੁਲੀਸ ਇੰਸਪੈਕਟਰ ਲਈ ਨੌਕਰੀ ਦੀ ਗੱਲ ਚੱਲੀ ਸੀ ਤਾਂ ਉਸ ਸਮੇਂ ਸ੍ਰੀ ਰੰਧਾਵਾ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮੇਤ ਹੋਰ ਕੁਝ ਮੰਤਰੀਆਂ ਨੇ ਇਸ ਦਾ ਵਿਰੋਧ ਕੀਤਾ ਸੀ ਜਦਕਿ ਸਰਕਾਰ ਵੱਲੋਂ ਉਨ੍ਹਾਂ ਦੇ ਪੁੱਤਰ ਅਰਜੁਨ ਬਾਜਵਾ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਜਾ ਰਹੀ ਸੀ। ਉਸ ਸਮੇਂ ਕੁਝ ਵਿਧਾਇਕਾਂ ਤੇ ਮੰਤਰੀਆਂ ਨੇ ਇਸ ਨੂੰ ‘ਪੁੱਤ ਭਤੀਜਾਵਾਦ’ ਦਾ ਨਾਂ ਦਿੱਤਾ ਸੀ। ਉੁਨ੍ਹਾਂ ਪਾਰਟੀ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਅਪੀਲ ਕੀਤੀ ਕਿ ਉਪ ਮੁੱਖ ਮੰਤਰੀ ਸ੍ਰੀ ਰੰਧਾਵਾ ਨੂੰ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ। ਵਿਧਾਇਕ ਬਾਜਵਾ ਨੇ ਇਸ ਨੂੰ ਸਰਕਾਰ ਦੇ ਕਾਰਜਕਾਲ ਦਾ ਅੰਤ ਦੱਸਦਿਆਂ ਕਿਹਾ ਕਿ ਆਗਾਮੀ ਚੋਣਾਂ ਵਿੱਚ ਪਾਰਟੀ ਨੂੰ ਲੋਕਾਂ ਦੇ ਸੁਆਲਾਂ ਦਾ ਜੁਆਬ ਦੇਣਾ ਮੁਸ਼ਕਲ ਹੋ ਜਾਵੇਗਾ। ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਪੰਜਾਬ ਪਾਰਟੀ ਪ੍ਰਧਾਨ ਸ੍ਰੀ ਸਿੱਧੂ ਵੱਲੋਂ ਆਪਣੀ ਪਾਰਟੀ ਦੇ ਆਗੂਆਂ ’ਤੇ ਸਹੀ ਸਵਾਲ ਚੁੱਕਣ ਨੂੰ ਵੀ ਉਚਿਤ ਦੱਸਿਆ ਜੋ ਲੋਕ ਸੇਵਾ ਦੀ ਥਾਂ ਆਪਣੇ ਹੀ ਪਰਿਵਾਰਾਂ ਦੇ ਹਿੱਤ ਦੇਖ ਰਹੇ ਹਨ। ਦੂਜੇ ਪਾਸੇ ਇਸ ਮਾਮਲੇ ’ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਕਈ ਵਾਰ ਫੋਨ ’ਤੇ ਰਾਬਤਾ ਬਣਾਉਣ ਦਾ ਯਤਨ ਕੀਤਾ ਗਿਆ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਦੱਸਣਯੋਗ ਹੈ ਕਿ ਵਿਧਾਇਕ ਬਾਜਵਾ ਦੇ ਇਸ ਸਟੈਂਡ ਨਾਲ ਸਰਹੱਦੀ ਜ਼ਿਲ੍ਹੇ ਅੰਦਰ ਆਉਂਦੇ ਦਿਨਾਂ ’ਚ ਕਾਂਗਰਸ ’ਚ ਨਵੀਂ ਸਫ਼ਬੰਦੀ ਦੇਖਣ ਨੂੰ ਮਿਲੇਗੀ।