ਟ੍ਰਿਬਿਊਨ ਨਿਊਜ਼ ਸਰਵਿਸ/ਮਨਧੀਰ ਸਿੰਘ ਦਿਓਲ
ਚੰਡੀਗੜ੍ਹ/ਨਵੀਂ ਦਿੱਲੀ, 29 ਜੁਲਾਈ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਖਾਦ ਮੰਤਰੀ ਸ੍ਰੀ ਮਨਸੁਖ ਮਾਂਡਵੀਆ ਨੂੰ ਅਗਸਤ ਮਹੀਨੇ ਲਈ 2.5 ਲੱਖ ਮੀਟਰਕ ਟਨ ਡੀਏਪੀ ਦੀ ਵੰਡ ਤੁਰੰਤ ਕਰਨ ਦੀ ਅਪੀਲ ਕੀਤੀ ਹੈ। ਰੰਧਾਵਾ ਨੇ ਅੱਜ ਸਵੇਰੇ ਨਿਰਮਾਣ ਭਵਨ, ਨਵੀਂ ਦਿੱਲੀ ਵਿਚ ਇਸ ਬਾਰੇ ਕੇਂਦਰੀ ਖਾਦਾਂ ਬਾਰੇ ਮੰਤਰੀ ਨਾਲ ਮੁਲਾਕਾਤ ਕੀਤੀ ਤਾਂ ਕਿ ਸਾਉਣੀ ਦੇ ਚੱਲ ਰਹੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਡੀਏਪੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਇਆ ਜਾ ਸਕੇ।
ਕੇਂਦਰੀ ਮੰਤਰੀ ਨੇ ਰੰਧਾਵਾ ਵੱਲੋਂ ਉਠਾਏ ਮੁੱਦੇ ਦੇ ਜਵਾਬ ਵਿਚ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਮੰਤਰਾਲਾ ਵੱਲੋਂ ਖਾਦਾਂ ਦੀ ਢੁਕਵੀਂ ਵੰਡ ਲਈ ਅਗਾਊਂ ਹੀ ਸਾਰੇ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਕਿਸਾਨਾਂ ਨੂੰ ਇਸ ਦੀ ਕਮੀ ਕਰਕੇ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕੇਂਦਰੀ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦਾ ਮੰਤਰਾਲਾ ਦੇਸ਼ ਭਰ ਦੇ ਸਮੂਹ ਸੂਬਿਆਂ ਨੂੰ ਡੀਏਪੀ ਦੀ ਲੋੜੀਂਦੀ ਅਤੇ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਏਗਾ। ਉਨ੍ਹਾਂ ਨੇ ਪੰਜਾਬ ਨੂੰ ਡੀਏਪੀ ਦੀ ਲੋੜੀਂਦੀ ਸਪਲਾਈ ਸਮੇਂ ਸਿਰ ਕਰਨ ਦਾ ਭਰੋਸਾ ਦਿੱਤਾ। ਕੇਂਦਰੀ ਮੰਤਰੀ ਦਾ ਧੰਨਵਾਦ ਕਰਦਿਆਂ ਸ੍ਰੀ ਰੰਧਾਵਾ ਨੇ ਉਨ੍ਹਾਂ ਨੂੰ ਮਾਰਕਫੈੱਡ ਅਤੇ ਮਿਲਕਫੈੱਡ ਦੀਆਂ ਵਸਤਾਂ ਦੀ ਟੋਕਰੀ ਵੀ ਸ਼ੁਕਰਾਨੇ ਵਜੋਂ ਭੇਟ ਕੀਤੀ। ਇਸ ਮੌਕੇ ਰੰਧਾਵਾ ਨਾਲ ਸੰਸਦ ਮੈਂਬਰ ਡਾ. ਅਮਰ ਸਿੰਘ, ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਵਿਕਾਸ ਗਰਗ, ਐੱਮਡੀ ਮਾਰਕਫੈੱਡ ਵਰੁਣ ਰੂਜ਼ਮ ਤੇ ਓਐੱਸਡੀ (ਐੱਫ) ਮਾਰਕਫੈੱਡ ਗਗਨ ਵਾਲੀਆ ਹਾਜ਼ਰ ਸਨ।