ਗਿੱਦੜਬਾਹਾ: ਵਿਧਾਇਕ ਰਾਜਾ ਵੜਿੰਗ ਨੂੰ ਸਬਕ ਸਿਖਾਉਣ ਵਾਲੇ ਸੁਖਬੀਰ ਬਾਦਲ ਦੇ ਬਿਆਨ ’ਤੇ ਐੱਸਡੀਐੱਮ ਦਫ਼ਤਰ ਬਾਹਰ ਇਕੱਠ ਕਰਕੇ ਵਿਧਾਇਕ ਨੇ ਕਿਹਾ ਕਿ ਜੇ ਸੁਖਬੀਰ ਵਿੱਚ ਹਿੰਮਤ ਹੈ ਤਾਂ ਉਹ ਗਿੱਦੜਬਾਹਾ ਤੋਂ ਉਨ੍ਹਾਂ ਮੁਕਾਬਲੇ ਚੋਣ ਲੜ ਕੇ ਦਿਖਾਉਣ। ਇਸ ਮਗਰੋਂ ਸੁਖਬੀਰ ਦੇ ਸਬਕ ਸਿਖਾਉਣ ਦੇ ਸਾਰੇ ਭੁਲੇਖੇ ਦੂਰ ਹੋ ਜਾਣਗੇ। ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਸੁਖਬੀਰ ਦੇ ਬਿਆਨ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਕਾਨੂੰਨੀ ਤੌਰ ’ਤੇ ਨਾਮਜ਼ਦਗੀਆਂ ਰੱਦ ਹੋਣ ਨੂੰ ਵੀ ਸੁਖਬੀਰ ਕਾਂਗਰਸ ਦੀ ਧੱਕੇਸ਼ਾਹੀ ਕਰਾਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸੁਖਬੀਰ ਕੋਲੋਂ ਪੁੱਛਣਾ ਚਾਹੁੰਦੇ ਹਨ ਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਅਕਾਲੀ ਦਲ ਦੇ ਸਥਾਨਕ ਆਗੂਆਂ ਵੱਲੋਂ ਜੋ ਬੂਥਾਂ ’ਤੇ ਕਬਜ਼ੇ ਕੀਤੇ ਗਏ ਤੇ ਕਾਂਗਰਸੀ ਉਮੀਦਵਾਰਾਂ ਨੂੰ ਅਗਵਾ ਕੀਤਾ ਗਿਆ ਸੀ, ਕੀ ਉਹ ਲੋਕਤੰਤਰ ਸੀ?