ਰਾਮ ਸ਼ਰਨ ਸੂਦ
ਅਮਲੋਹ, 11 ਜੁਲਾਈ
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਪਾਰਟੀ ’ਚ ਲੋਕਤੰਤਰੀ ਰਵਾਇਤਾਂ ਦਾ ਗਲ ਘੁੱਟਣ ਦਾ ਦੋਸ਼ ਲਾਉਂਦਿਆ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਸਮੇਂ ਬਾਦਲ ਤੋਂ ਕੀਤੀ ਗਈ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ੇ ਦੀ ਮੰਗ ਦੇ ਬਾਵਜੂਦ ਉਨ੍ਹਾਂ ਅਜਿਹਾ ਨਹੀਂ ਕੀਤਾ। ਜਦਕਿ ਸਾਰੀਆਂ ਪਾਰਟੀਆਂ ਦਾ ਸਿਧਾਂਤ ਹੈ ਕਿ ਹਾਰ ਤੋਂ ਬਾਅਦ ਫ਼ੈਸਲਾ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ’ਤੇ ਛੱਡਿਆ ਜਾਂਦਾ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜ ਪ੍ਰਣਾਲੀ ਵਿਚ ਵੀ ਵੱਡੇ ਪੱਧਰ ’ਤੇ ਨਿਘਾਰ ਦਾ ਦੋਸ਼ ਲਾਉਂਦਿਆਂ ਇਸ ਲਈ ਵੀ ਬਾਦਲਾਂ ਨੂੰ ਹੀ ਜ਼ਿੰਮੇਵਾਰ ਦੱਸਿਆ। ਇੱਥੋਂ ਨੇੜਲੇ ਪਿੰਡ ਹਰੀਪੁਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਕਮਰਕੱਸੇ ਕਰ ਰਹੇ ਹਨ ਤੇ ਕਿਸੇ ਵੀ ਹਮਖ਼ਿਆਲ ਪਾਰਟੀ ਨਾਲ ਗੱਠਜੋੜ ਕਰ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਛੇ ਜੁਲਾਈ ਨੂੰ ਜਥੇਦਾਰ ਬ੍ਰਹਮਪੁਰਾ ਨੂੰ ਪੀਜੀਆਈ ਮਿਲ ਕੇ ਆਏ ਸਨ ਤੇ ਪਾਰਟੀ ਨੂੰ ਨਵੇਂ ਦਲ ਵਿਚ ਸ਼ਾਮਲ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਜਥੇਦਾਰ ਬ੍ਰਹਮਪੁਰਾ ਵੱਲੋਂ ਲਾਏ ਧੋਖਾ ਕਰਨ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਪਾਰਟੀ ਦੇ 5 ਵਿਚੋਂ 4 ਆਗੂ ਉਨ੍ਹਾਂ ਦੇ ਦਲ ਵਿਚ ਸ਼ਾਮਲ ਹੋ ਚੁੱਕੇ ਹਨ। ਬ੍ਰਹਮਪੁਰਾ ਵੀ ਸ਼ਾਮਲ ਹੋ ਸਕਦੇ ਹਨ ਤੇ ਉਨ੍ਹਾਂ ਦਾ ਸਵਾਗਤ ਹੈ। ਸੁਖਦੇਵ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ ਅਤੇ ਸੁੱਚਾ ਸਿੰਘ ਛੋਟੇਪੁਰ ਸਣੇ ਕਈ ਨੇਤਾਵਾਂ ਨਾਲ ਗੱਲਬਾਤ ਚੱਲ ਰਹੀ ਹੈ। ਬਾਦਲਾਂ ਤੇ ਕਾਂਗਰਸ ਨੂੰ ਛੱਡ ਕੇ ਕਿਸੇ ਵੀ ਹੋਰ ਪਾਰਟੀ ਨਾਲ ਉਹ ਤਾਲਮੇਲ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸਮੱਸਿਆਵਾਂ ਬਾਰੇ ਜਲਦੀ ਹੀ ਖੇਤੀਬਾੜੀ ਮਾਹਿਰਾਂ ਅਤੇ ਯੂਨੀਵਰਸਿਟੀਆਂ ਦੇ ਸਾਬਕਾ ਉਪ ਕੁਲਪਤੀਆਂ ਦੀ ਕਮੇਟੀ ਬਣਾ ਕੇ ਉਨ੍ਹਾਂ ਤੋਂ ਸੇਧ ਲਈ ਜਾਵੇਗੀ। ਇਸ ਮੌਕੇ ਢੀਂਡਸਾ ਦੇ ਕਈ ਸਮਰਥਕ ਹਾਜ਼ਰ ਸਨ।