ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਨਵੰਬਰ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੂਬੇ ਦੇ ਸਨਅਤਕਾਰਾਂ ਨਾਲ ਕਈ ਮੀਟਿੰਗਾਂ ਕਰ ਚੁੱਕੇ ਹਨ। ਇਸੇ ਲੜੀ ਤਹਿਤ ਐਤਵਾਰ ਨੂੰ ਵੀ ਉਹ ਲੁਧਿਆਣਾ ਪਹੁੰਚੇ, ਜਿੱਥੇ ਉਨ੍ਹਾਂ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਹਲਕੇ ਵਿੱਚ ਸਨਅਤਕਾਰ ਤੇ ਕਾਰੋਬਾਰੀ ਮਿਲਣੀ ਦੌਰਾਨ ਸਨਅਤਕਾਰਾਂ ਲਈ 13 ਨੁਕਾਤੀ ਪ੍ਰੋਗਰਾਮ ਜਾਰੀ ਕੀਤਾ। ਇਸ ਤਹਿਤ ਉਨ੍ਹਾਂ ‘ਬਿਲਡ ਪੰਜਾਬ, ਇਨਵੈੱਸਟ ਪੰਜਾਬ ਤੇ ਪ੍ਰਮੋਟ ਪੰਜਾਬ’ ਦਾ ਨਾਅਰਾ ਵੀ ਦਿੱਤਾ। ਇਸ ਦੌਰਾਨ ਉਨ੍ਹਾਂ ਨਾਲ ਵਪਾਰ ਵਿੰਗ ਦੇ ਪ੍ਰਧਾਨ ਐੱਨਕੇ ਸ਼ਰਮਾ ਵੀ ਮੌਜੂਦ ਸਨ। ਉਨ੍ਹਾਂ ਐਲਾਨ ਕੀਤਾ ਕਿ ਸੂਬੇ ਵਿੱਚ ਉਨ੍ਹਾਂ ਦੀ ਸਰਕਾਰ ਬਣਨ ’ਤੇ ਸਨਅਤਕਾਰ ਖ਼ੁਦ ਆਪਣੀਆਂ ਪਾਲਿਸੀਆਂ ਬਣਾਉਣਗੇ। ਇਸ ਦੇ ਨਾਲ ਹੀ ਇੱਕ ਸਲਾਹਕਾਰ ਬੋਰਡ ਵੀ ਸਥਾਪਤ ਕੀਤਾ ਜਾਵੇਗਾ। ਵਪਾਰ ਤੇ ਉਦਯੋਗਾਂ ਲਈ ਨਵਾਂ ਮੰਤਰਾਲਾ ਸਥਾਪਤ ਕਰਨ ਦਾ ਐਲਾਨ ਵੀ ਕੀਤਾ ਗਿਆ।