ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਦਸੰਬਰ
ਕਰੀਬ 29 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ ਹੁਣ ਸਿਆਸਤ ਤੋਂ ਦੂਰ ਕਰ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੂੰ ਸਿਆਸਤ ਵਿੱਚੋਂ ਬਾਹਰ ਕਰਨ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸੁਰਜੀਤ ਸਿੰਘ ਰੱਖੜਾ ਨੇ ਮੁੱਖ ਤੌਰ ’ਤੇ ਰੋਲ ਨਿਭਾਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸਾਰੀ ਉਮਰ ਕੋਈ ਸੰਪਤੀ ਨਹੀਂ ਬਣਾਈ ਪਰ ਅੱਜ ਇਸ ਪਰਿਵਾਰ ਨੂੰ ਟਿਕਟ ਦੇਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਕੋਲ ਚੋਣ ਲੜਨ ਲਈ ਪੈਸੇ ਨਹੀਂ ਹਨ। ਇਸ ਵੇਲੇ ਸਿਆਸਤ ’ਚ ਸਰਗਰਮ ਜਥੇਦਾਰ ਟੌਹੜਾ ਦੇ ਦੋਹਤੇ ਹਰਿੰਦਰਪਾਲ ਸਿੰਘ ਟੌਹੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਨਜ਼ਰਅੰਦਾਜ਼ ਕਰਨ ’ਤੇ ਉਹ ਆਮ ਆਦਮੀ ਪਾਰਟੀ ਵਿੱਚ ਗਏ ਸੀ ਪਰ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦਿੱਤਾ ਸੀ ਕਿ ਉਹ ਉਸ ਨੂੰ ਵਿਧਾਇਕ ਬਣਾਉਣਗੇ, ਜਿਸ ’ਤੇ ਉਹ ਅੱਜ ਤੱਕ ਪੂਰੇ ਨਹੀਂ ਉੱਤਰੇ।
ਇਸ ਸਬੰਧੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਟੌਹੜਾ ਪਰਿਵਾਰ ਉਨ੍ਹਾਂ ’ਤੇ ਅਜਿਹੇ ਦੋਸ਼ ਨਹੀਂ ਲਗਾ ਸਕਦੇ ਕਿਉਂਕਿ ਉਹ ਹਮੇਸ਼ਾ ਟੌਹੜਾ ਪਰਿਵਾਰ ਲਈ ਚੰਗਾ ਸੋਚਦੇ ਹਨ। ਇਸੇ ਤਰ੍ਹਾਂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਉਨ੍ਹਾਂ ਕਈ ਵਾਰੀ ਸੁਖਬੀਰ ਸਿੰਘ ਬਾਦਲ ਕੋਲ ਇਸ ਪਰਿਵਾਰ ਨੂੰ ਟਿਕਟ ਦਿਵਾਉਣ ਲਈ ਸਿਫ਼ਾਰਸ਼ਾਂ ਵੀ ਕੀਤੀਆਂ ਹਨ। ਉਨ੍ਹਾਂ ’ਤੇ ਲਾਏ ਦੋਸ਼ ਝੂਠੇ ਤੇ ਬੇਬੁਨਿਆਦ ਹਨ।