ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਤੋਂ ਨਾਰਾਜ਼ ਚੱਲ ਰਹੇ ਪੰਜਾਬ ਖਾਦੀ ਗਰਾਮ ਉਦਯੋਗ ਬੋਰਡ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਮਨਾ ਕੇ ਮੁੜ ਅਕਾਲੀ ਦਲ ’ਚ ਸ਼ਾਮਲ ਕਰ ਲਿਆ ਹੈ। ਉਹ ਬੀਤੇ ਦਿਨੀਂ ਸੰਯੁਕਤ ਸਮਾਜ ਮੋਰਚਾ ਵਿੱਚ ਸ਼ਾਮਲ ਹੋਏ ਸਨ ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਨਾਲ ਵੀ ਨਾਰਾਜ਼ ਚੱਲ ਰਹੇ ਸਨ। ਅੱਜ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਦੀਆਂ ਕਨਸੋਆਂ ਸਨ ਪਰ ਸੁਖਬੀਰ ਮੌਕਾ ਸੰਭਾਲਦਿਆਂ ਪਹਿਲਾਂ ਹੀ ਅੱਜ ਹਰਪਾਲਪੁਰ ਦੀ ਰਿਹਾਇਸ਼ ’ਤੇ ਪੁੱਜ ਗਏ। ਇਸ ਮੌਕੇ ਉਨ੍ਹਾਂ ਹਰਪਾਲਪੁਰ ਦੇ ਗਿਲੇ-ਸ਼ਿਕਵੇ ਦੂਰ ਕਰਦਿਆਂ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦੇ ਕੇ ਪਾਰਟੀ ਗਤੀਵਿਧੀਆਂ ’ਚ ਸਰਗਰਮੀ ਦਿਖਾਉਣ ਲਈ ਰਾਜ਼ੀ ਕਰ ਲਿਆ। ਉਨ੍ਹਾਂ ਹਰਪਾਲਪੁਰ ਨੂੰ ਮੈਂਬਰ ਪੀਏਸੀ ਅਤੇ ਪਾਰਟੀ ਜਨਰਲ ਸਕੱਤਰ ਦਾ ਅਹੁਦਾ ਵੀ ਦਿੱਤਾ। ਇਸ ਮੌਕੇ ਸੁਖਬੀਰ ਨੇ ਕਿਹਾ ਕਿ ਹਰਪਾਲਪੁਰ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ। ਗਿਲੇ-ਸ਼ਿਕਵੇ ਹਰ ਪਰਿਵਾਰ ਵਿੱਚ ਹੁੰਦੇ ਹਨ, ਜਿਨ੍ਹਾਂ ਨੂੰ ਦੂਰ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਹਰਪਾਲਪੁਰ ਪਾਰਟੀ ਦੇ ਨਿਧੜਕ ਜਰਨੈਲ ਹਨ। ਇਨ੍ਹਾਂ ਦੀ ਲੋੜ ਹਮੇਸ਼ਾ ਪਾਰਟੀ ’ਚ ਬਣੀ ਰਹੇਗੀ। ਇਸ ਮੌਕੇ ਹਰਪਾਲਪੁਰ ਨੇ ਸੁਖਬੀਰ ਦਾ ਸਨਮਾਨ ਵੀ ਕੀਤਾ।
ਜੱਸੀ ਮੰਨਵੀਂ ਨੂੰ ਮਨਾਉਣ ਲਈ ਪਹੁੰਚੇ ਹਰੀਸ਼ ਚੌਧਰੀ
ਅਮਰਗੜ੍ਹ (ਰਾਜਿੰਦਰ ਜੈਦਕਾ): ਪਾਰਟੀ ਤੋਂ ਨਾਰਾਜ਼ ਤੇ ਨਿਰਾਸ਼ ਹਲਕਾ ਅਮਰਗੜ੍ਹ ਦੇ ਕਾਂਗਰਸੀ ਆਗੂਆਂ ਨੂੰ ਪਾਰਟੀ ਨਾਲ ਤੋਰਨ ਲਈ ਪੰਜਾਬ ਮਸਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਪਾਰਟੀ ਦੇ ਉਮੀਦਵਾਰ ਸਮਿਤ ਸਿੰਘ ਮਾਨ ਆਦਿ ਪਿੰਡ ਮੰਨਵੀਂ ਪਹੁੰਚੇ। ਸੀਨੀਅਰ ਆਗੂ ਜਸਵੀਰ ਸਿੰਘ ਜੱਸੀ ਦੇ ਭਰਾ ਸਰਪੰਚ ਨਰਿੰਦਰ ਸਿੰਘ ਦੇ ਘਰ ਰੱਖੀ ਮੀਟਿੰਗ ਵਿੱਚ ਹਲਕੇ ਦੇ ਪੰਚਾਂ, ਸਰਪੰਚਾਂ ਤੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਰੀਸ਼ ਚੌਧਰੀ ਨੇ ਕਿਹਾ ਕਿ ਜਸਵੀਰ ਸਿੰਘ ਜੱਸੀ ਤੇ ਸਾਰੇ ਵਰਕਰਾਂ ਨੂੰ ਪਾਰਟੀ ਵਿੱਚ ਬਣਦਾ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਉਮੀਦਵਾਰ ਸਮਿਤ ਸਿੰਘ ਮਾਨ ਨੇ ਕਿਹਾ ਕਿ ਜਸਵੀਰ ਸਿੰਘ ਜੱਸੀ ਉਸ ਦੇ ਭਰਾ ਹਨ। ਉੁਨ੍ਹਾਂ ਭਰੋਸਾ ਦਿੱਤਾ ਕਿ ਉਹ ਹਰ ਵਰਕਰ ਨੂੰ ਨਾਲ ਲੈ ਕੇ ਚੱਲਣਗੇ। ਸੀਨੀਅਰ ਆਗੂ ਜਸਵੀਰ ਸਿੰਘ ਜੱਸੀ ਨੇ ਭਰੋਸਾ ਦਿੱਤਾ ਕਿ ਸਮਿਤ ਮਾਨ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਹ ਦਿਨ-ਰਾਤ ਇੱਕ ਕਰ ਦੇਣਗੇ।