ਰਵਿੰਦਰ ਰਵੀ
ਬਰਨਾਲਾ, 2 ਅਗਸਤ
ਇੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਪਾ ਦੀ ਅਨਾਜ ਮੰਡੀ ਵਿੱਚ ਮੂੰਗੀ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕੀਤੀ। ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਮੂੰਗੀ ਦੀ ਬੀਜਾਂਦ ਤਾਂ ਕਰਵਾ ਲਈ ਪਰ ਖਰੀਦ ਲਈ ਕੋਈ ਪ੍ਰਬੰਧ ਨਾ ਕੀਤੇ। ਇਸ ਕਾਰਨ 7275 ਰੁਪਏ ਐੱਮਐੱਸਪੀ ਵਾਲੀ ਮੂੰਗੀ ਦੀ ਫਸਲ ਕਿਸਾਨ ਦੋ ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵੇਚਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਰਫ ਦਿੱਲੀ ਤੋਂ ਕੇਜਰੀਵਾਲ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਵਿਚ ਲੱਗੀ ਹੋਈ ਹੈ, ਪਰ ਪੰਜਾਬੀਆਂ ਸਣੇ ਸੂਬੇ ਦੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਦੀ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ। ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇੰਜ ਲੱਗਦਾ ਹੈ ਕਿ ਪੰਜਾਬ ਨੂੰ ਗੈਂਗਸਟਰ ਹੀ ਕੰਟਰੋਲ ਕਰ ਰਹੇ ਨੇ ਜਦਕਿ ਸਰਕਾਰ ਦਾ ਇੱਧਰ ਕੋਈ ਧਿਆਨ ਹੀ ਨਹੀਂ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ’ਤੇ ਲਗਾਏ ਜੀਐੱਸਟੀ ਦੀ ਵੀ ਨਿੰਦਾ ਕੀਤੀ ਅਤੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਐਡਵੋਕੇਟ ਸਤਨਾਮ ਸਿੰਘ ਰਾਹੀ, ਬਲਕਾਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਦਿਹਾਤੀ ਬਠਿੰਡਾ, ਬਾਬਾ ਟੇਕ ਸਿੰਘ ਧਨੌਲਾ ਸਾਬਕਾ ਮੈਂਬਰ ਐੱਸਜੀਪੀਸੀ ਮੈਂਬਰ, ਤਰਲੋਚਨ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ ਆਦਿ ਹਾਜ਼ਰ ਸਨ।
ਸਰਾਵਾਂ ’ਤੇ ਜੀਐੱਸਟੀ ਲਗਾਉਣਾ ਪਾਪ ਕਮਾਉਣ ਬਰਾਬਰ: ਸੁਖਬੀਰ
ਲੰਬੀ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਜਾਂਦੀ ਸੰਗਤ ਲਈ ਬਣਾਈਆਂ ਸਰਾਵਾਂ ’ਤੇ 12 ਫ਼ੀਸਦੀ ਜੀਐੱਸਟੀ ਲਗਾਉਣਾ ਪਾਪ ਕਮਾਉਣ ਦੇ ਬਰਾਬਰ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਖਾਰਜ ਕੀਤਾ ਜਾਵੇ। ਇਸ ਕਦਮ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਲੰਗਰ ਬਣਾਉਣ ਲਈ ਆਉਂਦੀ ਰਸਦ ’ਤੇ ਜੀਐੱਸਟੀ ਲਗਾਇਆ ਸੀ, ਜਿਸ ਦਾ ਤਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਰੋਧ ਕੀਤਾ ਅਤੇ ਜੀਐੱਸਟੀ ਹਟਵਾਇਆ ਸੀ। ਉਹ ਅੱਜ ਪਿੰਡ ਥਰਾਜਵਾਲਾ ਵਿੱਚ ਪਾਣੀ ਨਿਕਾਸੀ ਲਈ ਪੰਪ ਸੈੱਟ ਅਤੇ ਪਾਈਪਾਂ ਦੇਣ ਲਈ ਆਏ ਹੋਏ ਸਨ। ਇਸ ਮੌਕੇ ਉਨ੍ਹਾਂ ਸਿਹਤ ਜਾਂਚ ਕੈਂਪ ਦਾ ਵੀ ਜਾਇਜ਼ਾ ਲਿਆ।