ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਅਪਰੈਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਕਿਹਾ ਹੈ ਕਿ ਇਹ ਮਾਮਲਾ ਹਾਲੇ ਖਤਮ ਨਹੀਂ ਹੋਇਆ ਹੈ ਜਦੋਂ ਕਿ ਸੁਖਬੀਰ ਬਾਦਲ ਅਦਾਲਤ ਦਾ ਅਧਿਕਾਰਤ ਫੈਸਲਾ ਉਡੀਕੇ ਬਿਨਾਂ ਜਸ਼ਨ ਮਨਾ ਰਹੇ ਹਨ। ਸੁਖਬੀਰ ਬਾਦਲ ਵੱਲੋਂ ਹਾਈ ਕੋਰਟ ਦੇ ਫੈਸਲੇ ਬਾਰੇ ਦਿੱਤੇ ਪ੍ਰਤੀਕਰਮ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਅਜੇ ਤੱਕ ਅਦਾਲਤ ਦੇ ਫ਼ੈਸਲੇ ਦਾ ਅਧਿਕਾਰਤ ਤੌਰ ਉੱਤੇ ਕੋਈ ਐਲਾਨ ਨਹੀਂ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਫੈਸਲਾ ਜੋ ਵੀ ਹੋਵੇ, ਉਹ ਐੱਸਆਈਟੀ ਦੀ ਜਾਂਚ ਦੇ ਨਾਲ ਖੜ੍ਹੇ ਹਨ, ਜਿਸ ਵਿੱਚ ਕਿਸੇ ਵੀ ਪੱਖ ਤੋਂ ਬਾਦਲ ਪਰਿਵਾਰ ਨੂੰ ਇਸ ਘਟਨਾ ਵਿੱਚ ਸ਼ਮੂਲੀਅਤ ਤੋਂ ਮੁਕਤ ਨਹੀਂ ਕੀਤਾ ਗਿਆ। ਉਨ੍ਹਾਂ ਨੇ ਇਸ ਘਿਨਾਉਣੇ ਕਾਰੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦਾ ਅਹਿਦ ਵੀ ਲਿਆ। ਉਨ੍ਹਾਂ ਦੀ ਸਰਕਾਰ ਐੱਸਆਈਟੀ ਦੀ ਜਾਂਚ ਨੂੰ ਰੱਦ ਕਰਨ ਜਾਂ ਇਸ ਟੀਮ ਦੇ ਮੁਖੀ ਕੁੰਵਰ ਵਿਜੈ ਪ੍ਰਤਾਪ ਨੂੰ ਹਟਾਉਣ ਵਾਲੇ ਕਿਸੇ ਵੀ ਅਦਾਲਤੀ ਹੁਕਮ ਨੂੰ ਚੁਣੌਤੀ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਐੱਸਆਈਟੀ ਨੇ ਹੁਣ ਤੱਕ ਕੋਟਕਪੂਰਾ ਮਾਮਲੇ ਵਿੱਚ ਕੋਟਕਪੂਰਾ ਦੇ ਤਤਕਾਲੀ ਅਕਾਲੀ ਵਿਧਾਇਕ ਅਤੇ ਹਲਕਾ ਇੰਚਾਰਜ ਮਨਤਾਰ ਸਿੰਘ ਬਰਾੜ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਦੋਸ਼ ਪੱਤਰ ਆਇਦ ਕਰ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਵੱਲੋਂ ਬਦਲਾਖੋਰੀ ਦਾ ਰੌਲਾ ਪਾ ਕੇ ਉਸ ਸ਼ਿਕੰਜੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਉਹ ਬਰਾੜ ਖ਼ਿਲਾਫ਼ ਦਾਇਰ ਚਾਰਜਸ਼ੀਟ ਵਿੱਚ ਖੁਦ ਨੂੰ ਫਸਿਆ ਪਾ ਰਿਹਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਬਾਦਲ ਪਰਿਵਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਇਸ ਮਾਮਲੇ ਦੀ ਜਾਂਚ ਵਿੱਚ ਰੁਕਾਵਟ ਖੜ੍ਹੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ ਅਤੇ ਪਹਿਲੀ ਦਫ਼ਾ ਸੀਬੀਆਈ ਨੂੰ ਇਸ ਮਾਮਲੇ ਦੀ ਜਾਂਚ ਸੌਂਪੇ ਜਾਣ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਦੀ ਤਰ੍ਹਾਂ ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਵੀ ਹਾਈ ਕੋਰਟ ਦੀ ਸਮਝ ਨੂੰ ਜਾਣੇ ਬਗੈਰ ਬੋਲ ਰਿਹਾ ਹੈ।
ਸੋਨੂ ਸੂਦ ਨੂੰ ਕੋਵਿਡ ਟੀਕਾਕਰਨ ਮੁਹਿੰਮ ਦਾ ਬਰਾਂਡ ਅੰਬੈਸਡਰ ਬਣਾਇਆ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਸਰਕਾਰ ਦੀ ਕੋਵਿਡ ਟੀਕਾਕਰਨ ਮੁਹਿੰਮ ਲਈ ਅਦਾਕਾਰ ਸੋਨੂ ਸੂਦ ਨੂੰ ਬਰਾਂਡ ਅੰਬੈਸਡਰ ਬਣਾਇਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਨੂ ਸੂਦ ਨਾਲ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਹੈ। ਸੋਨੂ ਸੂਦ ਨੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ਉੱਤੇ ਮੁਲਾਕਾਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਵੈਕਸੀਨ ਪ੍ਰਤੀ ਲੋਕਾਂ ’ਚ ਕਾਫੀ ਹਿਚਕਚਾਹਟ ਹੈ ਤੇ ਸੋਨੂ ਸੂਦ ਦੀ ਲੋਕਾਂ ’ਚ ਮਕਬੂਲੀਅਤ ਅਤੇ ਬੀਤੇ ਸਾਲ ਮਹਾਮਾਰੀ ਫੈਲਣ ਦੇ ਵੇਲੇ ਤੋਂ ਲੈ ਕੇ ਹਜ਼ਾਰਾਂ ਪਰਵਾਸੀ ਕਾਮਿਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਵਿੱਚ ਮਦਦ ਕਰਕੇ ਪਾਏ ਗਏ ਮਿਸਾਲੀ ਯੋਗਦਾਨ ਸਦਕਾ ਉਹ ਲੋਕਾਂ ਦੇ ਵੈਕਸੀਨ ਪ੍ਰਤੀ ਸ਼ੰਕੇ ਦੂਰ ਕਰ ਸਕਣਗੇ। ਉਨ੍ਹਾਂ ਕਿਹਾ ਕਿ ਜਦੋਂ ਲੋਕ ਵੈਕਸੀਨ ਦੇ ਫਾਇਦੇ ਬਾਰੇ ਪੰਜਾਬ ਦੇ ਪੁੱਤਰ ਤੋਂ ਸੁਣਨਗੇ ਤਾਂ ਉਹ ਵਿਸ਼ਵਾਸ ਕਰਨਗੇ ਕਿਉਂਕਿ ਲੋਕ ਉਨ੍ਹਾਂ ਉਪਰ ਭਰੋਸਾ ਕਰਦੇ ਹਨ। ਇਸ ਮੌਕੇ ਸੋਨੂ ਸੂਦ ਨੇ ਮੁੱਖ ਮੰਤਰੀ ਨੂੰ ਆਪਣੀ ਕਿਤਾਬ ‘ਆਈ ਐਮ ਨੋ ਮਸੀਹਾ’ ਵੀ ਭੇਟ ਕੀਤੀ, ਜਿਸ ਬਾਰੇ ਉਨ੍ਹਾਂ ਦੱਸਿਆ ਕਿ ਇਸ ਵਿੱਚ ਮੋਗਾ ਤੋਂ ਮੁੰਬਈ ਤੱਕ ਦੇ ਤਜਰਬੇ ਸਾਂਝੇ ਕੀਤੇ ਗਏ ਹਨ।