ਪਾਲ ਸਿੰਘ ਨੌਲੀ
ਜਲੰਧਰ, 17 ਜੁਲਾਈ
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜੇ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਵਿਰੁੱਧ ਕੇਸ ਵਾਪਸ ਲੈਣ ਵਿੱਚ ਕੋਈ ਦਖਲ ਨਹੀਂ ਦਿੱਤਾ ਤਾਂ ਉਹ ਇਹ ਗੱਲ ਅਕਾਲ ਤਖਤ ਸਾਹਿਬ ਵਿਖੇ ਸਹੁੰ ਖਾ ਕੇ ਕਹਿਣ। ਖਹਿਰਾ ਨੇ ਸੁਖਬੀਰ ਨੂੰ ਸਵਾਲ ਕੀਤਾ ਕਿ ਜੇ ਉਨ੍ਹਾਂ ਦੀ ਕੇਸ ਵਾਪਸੀ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਤਾਂ 2012 ਵਿੱਚ ਮੁੜ ਸੱਤਾ ਵਿੱਚ ਆ ਗਿਆ ਸੀ, ਫਿਰ ਉਨ੍ਹਾਂ ਨੇ ਬੇਅਦਬੀ ਮਾਮਲੇ ਵਿੱਚ ਕੇਸ ਵਾਪਸ ਲੈਣ ਵਾਲੇ ਪੁਲੀਸ ਅਫਸਰਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ।
ਬੇਅਦਬੀ ਦਾ ਕੇਸ ਪੰਜਾਬ ਦੇ ਲੋਕਾਂ ਲਈ ਜਿਊਣ-ਮਰਨ ਦਾ ਸਵਾਲ ਬਣਿਆ ਹੋਇਆ ਸੀ। ਇਸ ਅਹਿਮ ਕੇਸ ਨੂੰ ਗ੍ਰਹਿ ਸਕੱਤਰ ਦੀ ਮਨਜ਼ੂਰੀ ਤੋਂ ਬਿਨਾਂ ਵਾਪਿਸ ਨਹੀਂ ਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਗੱਦਾਰੀ ਵਾਲੀ ਭੂਮਿਕਾ ਦਾ ਖੁਲਾਸਾ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਵਾਪਰੇ ਕੋਟਕਪੂਰਾ ਗੋਲੀ ਕਾਂਡ ਅਤੇ ਬਹਬਿਲ ਕਲਾਂ ਵਿੱਚ ਦੋ ਬੇਦੋਸ਼ੇ ਸਿੱਖਾਂ ਦੇ ਕਤਲਾਂ ਤੋਂ ਹੁੰਦਾ ਹੈ। ਇਹ ਸਾਰੀਆਂ ਘਟਨਾਵਾਂ ਬਾਦਲਾਂ ਦੇ ਅੰਦਰਖਾਤੇ ਡੇਰਾ ਮੁਖੀ ਨਾਲ ਰਲੇ ਹੋਣ ਕਾਰਨ ਹੋਈਆਂ ਕਿਉਂਕਿ ਬੇਅਦਬੀ ਮਾਮਲਿਆਂ ਵਿੱਚ ਉਨ੍ਹਾਂ ਨੇ ਡੇਰਾ ਪ੍ਰੇਮੀ ਦੀ ਭੂਮਿਕਾ ਦੀ ਜਾਂਚ ਨਹੀਂ ਕਰਵਾਈ।