ਚੰਡੀਗੜ੍ਹ(ਚਰਨਜੀਤ ਭੁੱਲਰ): ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਵੇਂ ਭੇਸ ਵਿਚ ਕੇਂਦਰ ਸਰਕਾਰ ਦਾ ਏਜੰਟ ਹੈ, ਜੋ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਆਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਇਕੋ ਇਕ ਏਜੰਡਾ ਮੋਦੀ ਸਰਕਾਰ ਖ਼ਿਲਾਫ਼ ਇੱਕਜੁਟ ਧਿਰਾਂ ਨੂੰ ਕਮਜ਼ੋਰ ਕਰਨਾ ਹੈ। ਜਾਖੜ ਨੇ ਕਿਹਾ ਕਿ ਅਕਾਲੀਆਂ ਨੇ ਪਹਿਲਾਂ ਭਾਜਪਾ ਦੇ ਏਜੰਟ ਵਜੋਂ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਨੇ ਹੀ ਚਿੱਠੀ ਦੇ ਕੇ ਸੁਖਬੀਰ ਬਾਦਲ ਨੂੰ ਪੰਜਾਬ ਭੇਜਿਆ ਸੀ। ਸੁਖਬੀਰ ਬਾਦਲ ਨੇ ਤੋਮਰ ਦੀ ਚਿੱਠੀ ਦਿਖਾ ਕੇ ਕਿਸਾਨਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਸੀ। ਜਾਖੜ ਨੇ ਕਿਹਾ ਕਿ ਉਸ ਵੇਲੇ ਤਾਂ ਸੁਖਬੀਰ ਆਪਣੇ ਭਾਜਪਾਈ ਮਿਸ਼ਨ ਵਿਚ ਫ਼ੇਲ੍ਹ ਹੋ ਗਏ, ਪਰ ਹੁਣ ਉਹ ਕਿਸਾਨ ਏਕਤਾ ਨੂੰ ਭੰਗ ਕਰਨ ਲਈ ਕੰਮ ਕਰ ਰਹੇ ਹਨ।
ਜਾਖੜ ਨੇ ਕਿਹਾ ਕਿ ਦੋ ਤੱਥਾਂ ਤੋਂ ਪ੍ਰਮਾਣਿਤ ਹੁੰਦਾ ਹੈ ਕਿ ਅਕਾਲੀਆਂ ਨੂੰ ਅਜੇ ਵੀ ਕਿਸਾਨਾਂ ਦੇ ਹਿਤਾਂ ਦੀ ਕੋਈ ਪ੍ਰਵਾਹ ਨਹੀਂ ਹੈ ਬਲਕਿ ਉਹ ਤਾਂ ਦਿੱਲੀ ਬੈਠੇ ਆਪਣੇ ਅਕਾਵਾਂ ਦੀ ਇੱਛਾ ਪੂਰਤੀ ਲਈ ਕੰਮ ਕਰ ਰਹੇ ਹਨ। ਪਹਿਲਾਂ ਤੱਥ, ਕੇਂਦਰੀ ਵਜ਼ਾਰਤ ਵਿਚੋਂ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਤਾਂ ਦਿੱਤਾ, ਪਰ ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਭਾਈਵਾਲ ਬਣਿਆ ਰਹੇਗਾ, ਅਤੇ ਦੂਜਾ, ਅਕਾਲੀ ਆਗੂ ਸ੍ਰੀਮਤੀ ਬਾਦਲ ਵੱਲੋਂ ਅਜੇ ਵੀ ਇਹ ਆਖਣਾ ਕਿ ਉਹ ਖੁਦ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਨਹੀਂ ਆਖਦੇ ਬਲਕਿ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਆਖ ਰਹੇ ਹਨ।
ਇਸੇ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤਾ ਹੈ ਕਿ ਹਰਸਿਮਰਤ ਬਾਦਲ ਦੀ ਮੌਜੂਦਗੀ ਵਿੱਚ ਕੇਂਦਰੀ ਕੈਬਨਿਟ ਵੱਲੋਂ ਆਰਡੀਨੈਂਸ ਪਾਸ ਕੀਤੇ ਜਾਣ ਮੌਕੇ ਉਹ ਕਿਉਂ ਚੁੱਪ ਸਨ। ਸਾਬਕਾ ਮੁੱਖ ਮੰਤਰੀ ਇਹ ਵੀ ਦੱਸਣ ਕਿ ਹੁਣ ਨਹੁੰ (ਅਕਾਲੀ ਦਲ) ਤੇ ਮਾਸ (ਭਾਜਪਾ) ਕਦੋਂ ਅੱਡ-ਅੱਡ ਹੋਣਗੇ, ਕਿਉਂਕਿ ਅਕਾਲੀ ਦਲ ਅਜੇ ਐੱਨਡੀਏ ਸਰਕਾਰ ਦਾ ਅਟੁੱਟ ਅੰਗ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ 15 ਦਿਨਾਂ ਪਹਿਲਾਂ ਆਰਡੀਨੈਂਸਾਂ ਦੇ ਸੋਹਲੇ ਗਾਉਣ ਵਾਲੇ ਵੱਡੇ ਬਾਦਲ ਨੇ ਅੱਜ ਆਪਣੇ ਪੁੱਤਰ ਤੇ ਨੂੰਹ ਵਾਂਗ ਯੂ-ਟਰਨ ਲੈਂਦਿਆਂ ਆਰਡੀਨੈਂਸਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ।