ਇਕਬਾਲ ਸਿੰਘ ਸ਼ਾਂਤ
ਲੰਬੀ, 9 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਗੈਂਗਸਟਰਾਂ ਨੂੰ ਅੰਨ੍ਹੇਵਾਹ ਤਾਕਤਾਂ ਦਿੱਤੀਆਂ ਹੋਈਆਂ ਹਨ। ਉਹ ਜਿਸਨੂੰ ਦਿਲ ਕੀਤਾ ਮਾਰ ਦਿੰਦੇ ਹਨ ਤੇ ਜਿਸ ਤੋਂ ਚਾਹੇ ਡਰਾ ਕੇ ਜਬਰੀ ਵਸੂਲੀ ਕਰ ਲੈਂਦੇ ਹਨ। ਯੂਥ ਆਗੂ ਵਿੱਕੀ ਮਿੱਡੂਖੇੜਾ ਦੀ ਹੱਤਿਆ ਗੈਂਗਸਟਰਾਂ ਦੀ ਬੁਰਛਾਗਰਦੀ ਦਾ ਨਤੀਜਾ ਹੈ। ਸ੍ਰੀ ਬਾਦਲ ਅੱਜ ਪਿੰਡ ਮਿੱਡੂਖੇੜਾ ਵਿੱਚ ਸੀਨੀਅਰ ਯੂਥ ਅਕਾਲੀ ਵਿੱਕੀ ਮਿੱਡੂਖੇੜਾ ਦੀ ਹੱਤਿਆ ’ਤੇ ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਉਨ੍ਹਾਂ ਵਿੱਕੀ ਮਿੱਡੂਖੇੜਾ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵੀ ਵਿੱਕੀ ਜਿਹੇ ਹਿੰਮਤੀ ਅਤੇ ਪਿਆਰੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ, ਉਨ੍ਹਾਂ ਨੂੰ ਕਿਸੇ ਕੀਮਤ ‘ਤੇ ਬਚ ਕੇ ਭੱਜਣ ਨਹੀਂ ਦਿੱਤਾ ਜਾਵੇਗਾ।
ਸ੍ਰੀ ਬਾਦਲ ਨੇ ਕਿਹਾ ਕਿ ਵਿੱਕੀ ਦੇ ਕਤਲ ਵਿੱਚ ਭਗਵਾਨਪੁਰੀਆ ਦਾ ਹੱਥ ਜਾਪਦਾ ਹੈ। ਉਹ ਜੇਲ੍ਹ ਵਿੱਚ ਪੰਜਾਬ ਸਰਕਾਰ ਦੇ ਗੈਸਟ ਵਾਂਗ ਵਿਚਰ ਰਿਹਾ ਹੈ। ਉਹ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਚਹੇਤਾ ਹੈ। ਉਸਨੂੰ ਸਾਰੀਆਂ ਵੀਆਈਪੀ ਸਹੂਲਤਾਂ ਦਿੱਤੀਆਂ ਗਈਆਂ ਹਨ। ਸ੍ਰੀ ਬਾਦਲ ਨੇ ਸੁਆਲ ਕੀਤਾ ਕਿ ਜੇਕਰ ਗੈਂਗਸਟਰਾਂ ਨੂੰ ਇੰਨੀਆਂ ਸਹੂਲਤਾਂ, ਖੁੱਲ੍ਹਾਂ ਅਤੇ ਤਾਕਤ ਮਿਲੇਗੀ ਤਾਂ ਇਸੇ ਤਰ੍ਹਾਂ ਜਾਨਾਂ ਜਾਣਗੀਆਂ। ਉਨ੍ਹਾਂ ਆਖਿਆ ਕਿ ਉਹ ਖੁਦ ਐਸਐੱਸਪੀ ਤੋਂ ਮਾਮਲੇ ਦੀ ਲਗਾਤਾਰ ਫੀਡਬੈਕ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਮਿੱਡੂਖੇੜਾ ਬੜਾ ਹਿੰਮਤੀ ਅਤੇ ਪਿਆਰ ਵਾਲਾ ਸੀ। ਉਨ੍ਹਾਂ ਦਾ ਉਸ ਨਾਲ ਪਰਿਵਾਰਕ ਰਿਸ਼ਤਾ ਸੀ। ਉਸ ਦੇ ਸਾਬਕਾ ਸਰਪੰਚ ਪਿਤਾ ਗੁਰਦਿਆਲ ਸਿੰਘ ਦੀ ਵੱਡੇ ਬਾਦਲ ਸਾਹਿਬ ਨਾਲ ਕਾਫ਼ੀ ਨੇੜਤਾ ਰਹੀ ਹੈ ਅਤੇ ਉਨ੍ਹਾਂ ਇਕੱਠਿਆਂ ਜੇਲ੍ਹਾਂ ਵੀ ਕੱਟੀਆਂ ਹਨ। ਸ੍ਰੀ ਬਾਦਲ ਨੇ ਮਰਹੂਮ ਵਿੱਕੀ ਦੇ ਪਿਤਾ ਗੁਰਦਿਆਲ ਸਿੰਘ, ਭਰਾ ਅਜੈਪਾਲ ਕੁਲਾਰ, ਮਾਂ ਸੁਰਿੰਦਰ ਕੌਰ ਅਤੇ ਪਤਨੀ ਹਰਕੀਰਤ ਕੌਰ ਨਾਲ ਦੁੱਖ ਸਾਂਝਾ ਕੀਤਾ ਅਤੇ ਆਖਿਆ ਕਿ ਬਾਦਲ ਪਰਿਵਾਰ ਅਤੇ ਸਮੁੱਚਾ ਅਕਾਲੀ ਦਲ, ਮਿੱਡੂਖੇੜਾ ਪਰਿਵਾਰ ਦੇ ਨਾਲ ਖੜ੍ਹਾ ਹੈ।
ਸੁੱਖੀ ਰੰਧਾਵਾ ਨੂੰ ਸਵਾਲ
ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਕਾਨੂੰਨ ਵਿਵਸਥਾ ਮਾੜੀ ਹੋਣ ਦੇ ਦਿੱਤੇ ਗਏ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸ੍ਰੀ ਰੰਧਾਵਾ ਆਪ ਜੇਲ੍ਹ ਮੰਤਰੀ ਹਨ ਅਤੇ ਸਰਕਾਰ ਉਨ੍ਹਾਂ ਦੀ ਆਪਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਵਿੱਚ ਕਾਨੂੰਨ ਵਿਵਸਥਾ ਮਾੜੀ ਹੈ ਤਾਂ ਫਿਰ ਕੌਣ ਜ਼ਿੰਮੇਵਾਰ ਹੈ?