ਨਿੱਜੀ ਪੱਤਰ ਪ੍ਰੇਰਕ
ਮੋਗਾ, 15 ਜੁਲਾਈ
ਸ਼ਹਿਰ ਦੇ ਨਿਊ ਟਾਊਨ ਬਾਜ਼ਾਰ ’ਚ ਬੀਤੀ ਸ਼ਾਮ ਇਕ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ ਜ਼ਿੰਮੇਵਾਰੀ ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਹੈ। ਦੁਕਾਨਦਾਰਾਂ ਨੇ ਇਸ ਘਟਨਾ ਦੇ ਰੋਸ ਵਜੋਂ ਅੱਜ ਮਾਰਕੀਟ ਬੰਦ ਰੱਖੀ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਆਖਿਆ ਕਿ ਇਹ ਨਵਾਂ ਹੀ ਗੈਂਗਸਟਰ ਗਰੁੱਪ ਹੈ, ਜਿਸ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾਈਆਂ ਗਈਆਂ ਹਨ। ਥਾਣਾ ਸਿਟੀ ਦੱਖਣੀ ਪੁਲੀਸ ਨੇ ਮ੍ਰਿਤਕ ਕਾਰੋਬਾਰੀ ਤੇਜਿੰਦਰ ਸਿੰਘ ਉਰਫ਼ ਪਿੰਕਾ ਦੇ ਭਰਾ ਧਰਮਿੰਦਰ ਸਿੰਘ ਦੇ ਬਿਆਨ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੀਤੀ ਸ਼ਾਮ ਕਰੀਬ 7 ਵਜੇ ਸੁਪਰਸ਼ਾਈਨ ਜੀਨਜ਼ ਕਾਰੋਬਾਰੀ ਤੇਜਿੰਦਰ ਸਿੰਘ ਉਰਫ਼ ਪਿੰਕਾ ਦੀ ਸ਼ੋਅਰੂਮ ਅੰਦਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਕੁਝ ਦੇਰ ਬਾਅਦ ਹੀ ਸੁੱਖਾ ਗਿੱਲ ਲੰਮੇ ਨੇ ਆਪਣੀ ਫ਼ੇਸਬੁੱਕ ਉੱਤੇ ਪਾਈ ਪੋਸਟ ਵਿਚ ਕਤਲ ਦੀ ਜ਼ਿੰਮੇਵਾਰੀ ਲਈ। ਉਸ ਨੇ ਕਿਹਾ ਕਿ ਉਨ੍ਹਾਂ ਦਾ ਵਪਾਰੀ ਨਾਲ ਕੋਈ ਵਿਵਾਦ ਸੀ ਤੇ ਵਪਾਰੀ ਪੁਲੀਸ ਕੋਲ ਚਲਾ ਗਿਆ, ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਉਸ ਨੇ ਪੁਲੀਸ ਨੂੰ ਬੇਨਤੀ ਕੀਤੀ ਕਿ ਉਸ ਦੇ ਦੋਸਤਾਂ ਤੇ ਪਰਿਵਾਰ ਨੂੰ ਤੰਗ ਨਾ ਕਰੇ ਕਿਉਂਕਿ ਉਨ੍ਹਾਂ ਨੂੰ ‘ਮਾਨ’ ਤੇ ਸੁਪਰਸ਼ਾਈਨ ਮੋਗਾ ਵਾਲੇ ਮਸਲੇ ਦਾ ਨਹੀਂ ਪਤਾ। ਉਸ ਨੇ ਲਿਖਿਆ, ‘ਇਹ ਕੰਮ ਮੈਂ ਤੇ ਮੇਰੇ ਵੀਰ ਹਰਵਿੰਦਰ ਸਿੰਘ ਸੰਧੂ ਨੇ ਕੀਤਾ ਹੈ।’ ਉਸ ਨੇ ਕਿਹਾ, ‘ਮਾਨ ਨੂੰ ਵੀ ਜਲਦ ਤੋਂ ਜਲਦ ਮਿਲਦੇ ਹਾਂ।’