ਐੱਨਪੀ ਧਵਨ
ਪਠਾਨਕੋਟ, 8 ਜਨਵਰੀ
ਵਿਕਾਸ ਪੱਖੋਂ ਵਿਧਾਨ ਸਭਾ ਹਲਕਾ ਸੁਜਾਨਪੁਰ ਪੱਛੜ ਗਿਆ ਹੈ, ਪਿਛਲੇ 15 ਸਾਲਾਂ ਤੋਂ ਹਲਕੇ ਅੰਦਰ ਵਿਕਾਸ ਦੇ ਨਾਂ ’ਤੇ ਕੋਈ ਕੰਮ ਹੋਇਆ ਨਜ਼ਰ ਨਹੀਂ ਆਉਂਦਾ, ਜਦ ਕਿ ਇੱਥੋਂ ਭਾਜਪਾ ਆਗੂ ਦਿਨੇਸ਼ ਸਿੰਘ ਬੱਬੂ ਲਗਾਤਾਰ ਤਿੰਨ ਵਾਰ ਵਿਧਾਇਕ ਬਣਦੇ ਆ ਰਹੇ ਹਨ। ਇਕ ਵਾਰ ਤਾਂ ਉਹ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ ਪਰ ਹਲਕੇ ਵਿੱਚ ਕੋਈ ਵੱਡਾ ਪ੍ਰਾਜੈਕਟ ਲਿਆਉਣ ਵਿੱਚ ਸਫ਼ਲ ਨਹੀਂ ਹੋ ਸਕੇ। ਹਲਕੇ ਦੇ ਕਾਂਗਰਸੀ ਆਪਸੀ ਲੜਾਈ ਵਿੱਚ ਰੁੱਝੇ ਹੋਏ ਹਨ ਅਤੇ ਇਸ ਵਾਰ ਭਾਜਪਾ ਵੀ ਫੁੱਟ ਦੀ ਸ਼ਿਕਾਰ ਹੈ। ਪਾਰਟੀ ਦੇ ਹੀ ਕੌਂਸਲਰ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਗੁਪਤਾ ਬਿੱਟੂ ਅਕਾਲੀ ਦਲ ਦੀ ਟਿਕਟ ਤੋਂ ਉਮੀਦਵਾਰ ਬਣ ਗਏ ਹਨ।
ਮੌਜੂਦਾ ਕਾਂਗਰਸ ਸਰਕਾਰ ਦੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਭਾਵੇਂ ਉਹ ਵਿਧਾਇਕ ਨਹੀਂ ਸੀ ਪਰ ਹਲਕੇ ਵਿੱਚ ਆਈਟੀਆਈ ਦਾ ਨਿਰਮਾਣ ਸ਼ੁਰੂ ਕਰਵਾਉਣ ਸਮੇਤ ਧਾਰ ਕਲਾਂ ਨੀਮ ਪਹਾੜੀ ਖੇਤਰ ਦੇ ਪਿੰਡਾਂ ਵਿੱਚ 80 ਦੇ ਕਰੀਬ ਡੂੰਘੇ ਬੋਰ ਕਰਵਾ ਕੇ ਪਾਣੀ ਦੀ ਸਮੱਸਿਆ ਹੱਲ ਕਰਵਾਈ। ਇਸ ਤੋਂ ਇਲਾਵਾ ਕਰੀਬ 200 ਟਰਾਂਸਫਾਰਮਰ ਲਗਵਾ ਕੇ ਬਿਜਲੀ ਦੀ ਸਪਲਾਈ ਨੂੰ ਸੁਚਾਰੂ ਕਰਵਾਇਆ ਅਤੇ ਲਗਭਗ 25 ਮਿਨੀ ਸਟੇਡੀਅਮ ਤੇ ਓਪਨ ਜਿਮ ਬਣਵਾਏ ਗਏ ਹਨ। ਉਨ੍ਹਾਂ ਕਿਹਾ ਕਿ 6-7 ਪੁਲ ਵੀ ਬਣਵਾਏ ਅਤੇ ਸੁਜਾਨਪਰ ਸ਼ਹਿਰ ਲਈ ਸੀਵਰੇਜ ਪਾਉਣ ਲਈ 10 ਕਰੋੜ ਮਨਜ਼ੂਰ ਕਰਵਾਏ ਹਨ। ਰਣਜੀਤ ਸਾਗਰ ਡੈਮ ਦੀ ਝੀਲ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਕੋਸ਼ਿਸ਼ ਜਾਰੀ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਹੈ।
ਮੌਜੂਦਾ ਭਾਜਪਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਪਿਛਲੇ ਪੰਜਾਂ ਸਾਲਾਂ ਵਿੱਚ ਸੂਬੇ ਅੰਦਰ ਕਾਂਗਰਸ ਦਾ ਰਾਜ ਹੈ ਤੇ ਇਸ ਦੌਰਾਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਦੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਉਹ ਡਿਪਟੀ ਸਪੀਕਰ ਸਨ ਤਾਂ ਉਨ੍ਹਾਂ ਨਿਆੜੀ ਵਿੱਚ ਆਈਟੀਆਈ ਪਾਸ ਕਰਵਾਈ ਸੀ ਪਰ ਹੁਣ ਉਸ ਦਾ ਸਿਹਰਾ ਕਾਂਗਰਸੀ ਲੈ ਰਹੇ ਹਨ।
ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਰਾਜ ਕੁਮਾਰ ਗੁਪਤਾ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਹਲਕੇ ਅੰਦਰ ਕੋਈ ਵਿਕਾਸ ਨਹੀਂ ਹੋਇਆ ਅਤੇ ਭਾਜਪਾ ਦਾ ਵਿਧਾਇਕ ਕੋਈ ਵੀ ਕੰਮ ਕਰਵਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ।