ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 9 ਅਕਤੂਬਰ
ਜ਼ਿਲ੍ਹਾ ਬਠਿੰਡਾ ਦੇ ਪਿੰਡ ਹਮੀਰਗੜ੍ਹ ਵਿੱਚ ਵੀਰਵਾਰ ਆਪਣੇ ਤਿੰਨ ਮਾਸੂਮ ਬੱਚਿਆਂ ਸਮੇਤ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਅਤੇ ਉਸਦੇ ਬੱਚਿਆਂ ਦਾ ਸਸਕਾਰ ਲੰਘੀ ਦੇਰ ਸ਼ਾਮ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ। ਇਥੇ ਜ਼ਿਕਰਯੋਗ ਹੈ ਕਿ ਹਮੀਰਗੜ੍ਹ ਦੇ 35 ਵਰ੍ਹਿਆਂ ਦੇ ਨੌਜਵਾਨ ਬੇਅੰਤ ਸਿੰਘ ਨੇ ਡੇਢ ਮਹੀਨਾ ਪਹਿਲਾਂ ਆਪਣੀ ਪਤਨੀ ਦੀ ਹੋਈ ਮੌਤ ਦੇ ਵਿਛੋੜੇ ਨੂੰ ਨਾ ਸਹਾਰਦਿਆਂ ਬੁੱਧਵਾਰ ਤੇ ਵੀਰਵਾਰ ਦੀ ਸਾਂਝੀ ਰਾਤ ਆਪਣੇ ਤਿੰਨ ਮਾਸੂਮ ਬੱਚਿਆਂ ਸਮੇਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।
ਮ੍ਰਿਤਕਾਂ ਦੇ ਸਸਕਾਰ ਸਮੇਂ ਮਾਹੌਲ ਬੇਹੱਦ ਗਮਗੀਨ ਸੀ। ਸਸਕਾਰ ਸਮੇਂ ਪਿੰਡ ਦਾ ਬੱਚਾ-ਬੱਚਾ ਸ਼ਮਸ਼ਾਨਘਾਟ ਵਿਚ ਹਾਜ਼ਰ ਸੀ ਅਤੇ ਲੋਕਾਂ ਦੀਆਂ ਗਮਗੀਨ ਭਾਵਨਾਵਾਂ ਦੇ ਹੜ੍ਹ ਅੱਗੇ ਸ਼ਮਸ਼ਾਨਘਾਟ ਛੋਟਾ ਪ੍ਰਤੀਤ ਹੋ ਰਿਹਾ ਸੀ। ਮ੍ਰਿਤਕ ਨੌਜਵਾਨ ਬੇਅੰਤ ਸਿੰਘ (35), ਪ੍ਰਭਜੋਤ ਸਿੰਘ (5) ਖੁਸ਼ਪ੍ਰੀਤ ਕੌਰ (3) ਅਤੇ ਸੁਖਪ੍ਰੀਤ ਕੌਰ (1) ਦਾ ਇਕੋ ਚਿਤਾ ਵਿੱਚ ਹੀ ਸਸਕਾਰ ਕੀਤਾ ਗਿਆ। ਚਿਤਾ ਨੂੰ ਅਗਨੀ ਮ੍ਰਿਤਕ ਬੇਅੰਤ ਸਿੰਘ ਦੇ ਭਰਾ ਜੱਗਾ ਸਿੰਘ ਨੇ ਦਿਖਾਈ। ਪਿੰਡ ਦੇ ਨੌਜਵਾਨ ਆਗੂ ਅਜਾਇਬ ਸਿੰਘ ਹਮੀਰਗੜ੍ਹ ਦਾ ਕਹਿਣਾ ਸੀ ਕਿ ਇਸ ਮੰਦਭਾਗੀ ਘਟਨਾ ਕਾਰਨ ਪਿੰਡ ਅਤੇ ਸਮੁੱਚੇ ਇਲਾਕੇ ’ਚ ਸੋਗ ਦੀ ਲਹਿਰ ਹੈ ਅਤੇ ਘਟਨਾ ਨੇ ਪਿੰਡ ਵਾਸੀਆਂ ਨੂੰ ਪੂਰੀ ਤਰ੍ਹਾਂ ਸੁੰਨ ਕਰਕੇ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਪੋਸਟਮਾਰਟਮ ਉਪਰੰਤ ਦੇਰ ਸ਼ਾਮ ਜਦੋਂ ਐਂਬੂਲੈਂਸ ਮ੍ਰਿਤਕ ਦੇਹਾਂ ਲੈ ਕੇ ਪਿੰਡ ਦੇ ਸ਼ਮਸ਼ਾਨਘਾਟ ’ਚ ਪਹੁੰਚੀ ਤਾਂ ਮਾਹੌਲ ਹੋਰ ਵੀ ਗਮਗੀਨ ਹੋ ਗਿਆ ਸੀ।