ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਮਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਨਾਲ ਸਥਾਨਕ ਐੱਸਐੱਸਪੀ ਖ਼ਿਲਾਫ਼ ਇਕ ਹੌਲਦਾਰ ਨੂੰ ਪੁਲੀਸ ਗਰੁੱਪ ’ਚ ਵਾਲਮੀਕਿ ਮਜ਼੍ਹਬੀ ਸਿੱਖ ਸਮਾਜ ਵਾਲੀ ਪੋਸਟ ਵਾਇਰਲ ਕਰਨੀ ਮਹਿੰਗੀ ਪੈ ਗਈ। ਇਹ ਪੋਸਟ ਵਾਇਰਲ ਹੋਣ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਮਾੜੇ ਰਿਕਾਰਡ ਦੇ ਹਵਾਲੇ ਨਾਲ ਹੌਲਦਾਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ।
ਜ਼ਿਲ੍ਹਾ ਪੁਲੀਸ ਨੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਹੋਇਆ ਹੈ ਅਤੇ ਕੋਈ ਵੀ ਅਧਿਕਾਰੀ ਇਸ ਮੁੱਦੇ ਉੱਤੇ ਕੁਝ ਬੋਲਣ ਨੂੰ ਤਿਆਰ ਨਹੀਂ ਹੈ। ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਹੌਲਦਾਰ ਦੀ ਬਰਖ਼ਾਸਤਗੀ ਦੇ ਹੁਕਮ ਸਬੰਧਤ ਥਾਣੇ, ਐੱਸਐੱਸਪੀ ਦਫ਼ਤਰ ਦੀਆਂ ਸਬੰਧਤ ਬਰਾਂਚਾਂ ਵਿੱਚ ਜਾ ਚੁੱਕੇ ਹਨ। ਪੁਲੀਸ ਅਧਿਕਾਰੀ ਦਾ ਆਖਣਾ ਹੈ ਕਿ ਬਰਖ਼ਾਸਤ ਹੌਲਦਾਰ ਦਾ ਪਹਿਲਾਂ ਵੀ ਰਿਕਾਰਡ ਮਾੜਾ ਸੀ ਅਤੇ ਉਸ ਨੂੰ ਆਖ਼ਰੀ ਚਿਤਾਵਨੀ ਮਿਲੀ ਹੋਈ ਸੀ।
ਜਾਣਕਾਰੀ ਅਨੁਸਾਰ ਦਲਿਤ ਵਰਗ ਨਾਲ ਸਬੰਧ ਏਐੱਸਆਈ ਸਤਨਾਮ ਸਿੰਘ ਨੇ ਪੁਲੀਸ ਚੌਕੀ ਲੋਪੋ ਵਿਖੇ ਬੀਤੀ 3 ਮਈ ਨੂੰ ਸਿਰ ’ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿੱਚ ਪੀੜਤ ਪਰਿਵਾਰ ਦੀ ਸ਼ਿਕਾਇਤ ਉੱਤੇ ਥਾਣਾ ਬੱਧਨੀ ਕਲਾਂ ਦੇ ਤਤਕਾਲੀ ਐੱਸਐੱਚਓ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੋਸ਼ ਹੇਠ ਕੇਸ ਦਰਜ ਕਰਨ ਬਾਅਦ ਅਨੁਸੂਚਿਤ ਜਾਤੀ ਧਰਾਵਾਂ ਦਾ ਵਾਧਾ ਕਰਕੇ ਜ਼ਿਲ੍ਹਾ ਪੁਲੀਸ ਮੁਖੀ ਨੇ ਐੱਸਪੀ ਹੈੱਡਕੁਆਟਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਵਿਸੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ 12 ਮਈ ਨੂੰ ਪੀੜਤ ਪਰਿਵਾਰਕ ਮੈਂਬਰ ਤੇ ਹੋਰ ਦਲਿਤ ਸਮਾਜ ਆਗੂ ਕੈਂਡਲ ਮਾਰਚ ਕੱਢਦੇ ਐੱਸਐੱਸਪੀ ਦਫ਼ਤਰ ਗਏ ਸਨ। ਇਸ ਮੌਕੇ ਪੀੜਤ ਪਰਿਵਾਰ ਤੇ ਦਲਿਤ ਸਮਾਜ ਆਗੂ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਣਾ ਚਾਹੁੰਦੇ ਸਨ ਪਰ ਕਿਸੇ ਕਾਰਨ ਮੁਲਾਕਾਤ ਨਹੀਂ ਹੋ ਸਕੀ।