ਗੁਰਿੰਦਰ ਸਿੰਘ
ਲੁਧਿਆਣਾ, 1 ਅਕਤੂਬਰ
ਕਤਲ ਮਾਮਲੇ ਵਿੱਚ ਰਿਮਾਂਡ ’ਤੇ ਚੱਲ ਰਹੇ ਮੁਲਜ਼ਮ ਜਤਿੰਦਰ ਉਰਫ਼ ਛੋਟੂ ਵਾਸੀ ਮੇਰਠ (ਉੱਤਰ ਪ੍ਰਦੇਸ਼) ਨੇ ਅੱਜ ਸੀਆਈਏ ਪੁਲੀਸ ਦੀ ਹਿਰਾਸਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਥਾਣਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜਸਪਾਲ ਬਾਂਗਰ ਦੀ ਫੈਕਟਰੀ ਦੇ ਇੱਕ ਮੁਲਾਜ਼ਮ ਦਾ ਕਤਲ ਕਰ ਕੇ ਚੋਰੀ ਕਰਨ ਦੇ ਮਾਮਲੇ ਵਿੱਚ ਰਿਮਾਂਡ ’ਤੇ ਸੀ। ਘਟਨਾ ਤੜਕੇ ਤਿੰਨ ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਦੋਂ ਹਵਾਲਾਤ ਵਿੱਚ ਬੰਦ ਦੂਜੇ ਮੁਲਜ਼ਮ ਪਰਮਜੀਤ ਸਿੰਘ ਨੇ ਗਰਿੱਲ ਕੋਲ ਉਸ ਦੀ ਲਾਸ਼ ਲਟਕਦੀ ਵੇਖੀ ਤਾਂ ਉਸ ਨੇ ਤੁਰੰਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਜਸਪਾਲ ਬਾਂਗਰ ਦੀ ਇੱਕ ਫੈਕਟਰੀ ਵਿੱਚ ਚੋਰੀ ਕਰਨ ਆਏ ਦੋ ਵਿਅਕਤੀਆਂ ਨੇ ਇੱਕ ਫੈਕਟਰੀ ਵਰਕਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਬੰਧੀ ਪੁਲੀਸ ਨੇ ਜਤਿੰਦਰ ਉਰਫ਼ ਛੋਟੂ ਅਤੇ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਲਿਆ ਸੀ। ਬੀਤੇ ਦਿਨ ਰਿਮਾਂਡ ਖਤਮ ਹੋਣ ਤੋਂ ਬਾਅਦ ਦੋਵਾਂ ਦਾ ਮੁੜ ਦੋ ਦਿਨ ਦਾ ਰਿਮਾਂਡ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜਤਿੰਦਰ ਨੇ ਅੱਧੀ ਰਾਤ ਨੂੰ ਕੰਬਲ ਪਾੜ ਕੇ ਉਸ ਦੀ ਰੱਸੀ ਬਣਾ ਲਈ ਅਤੇ ਇਸ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਰੀ ਘਟਨਾ ਦੀ ਨਿਆਂਇਕ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।