ਪੱਤਰ ਪ੍ਰੇਰਕ
ਟੋਹਾਣਾ, 8 ਅਕਤੂਬਰ
ਪਿੰਡ ਐੱਮਪੀ ਰੋਹੀ ਵਿੱਚ ਇੱਕ ਨੌਜਵਾਨ ਲੜਕੇ ਤੇ ਲੜਕੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ ਇੱਕ ਖੇਤ ’ਚ ਬਣੇ ਤੂੜੀ ਵਾਲੇ ਕੋਠੇ ’ਚੋਂ ਮਿਲੀਆਂ ਹਨ। ਖੇਤ ਦਾ ਮਾਲਕ ਕਿਸਾਨ ਜਦੋਂ ਸਵੇਰੇ ਤੂੜੀ ਲੈਣ ਗਿਆ ਤਾਂ ਉਸ ਨੇ ਸਰੋਜ (24) ਅਤੇ ਸੁਰਜੀਤ (25) ਦੀਆਂ ਲਾਸ਼ਾਂ ਲਟਕਦੀਆਂ ਵੇਖ ਕੇ ਪਿੰਡ ਦੇ ਸਰਪੰਚ ਨੂੰ ਇਸ ਦੀ ਸੂਚਨਾ ਦਿੱਤੀ, ਜਿਨ੍ਹਾਂ ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ’ਤੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਸੁਰਜੀਤ ਸਿੰਘ ਸ਼ਾਦੀਸੁਦਾ ਸੀ ਤੇ ਉਸ ਦੀ ਪਤਨੀ ਦੀ ਮੌਤ ਤੋਂ ਬਾਅਦ ਸਰੋਜ ਨਾਲ ਉਸ ਦਾ ਪ੍ਰੇਮ ਪੈ ਗਿਆ ਸੀ। ਸਰੋਜ ਕਿਸੇ ਹੋਰ ਬਰਾਦਰੀ ਨਾਲ ਸਬੰਧਤ ਸੀ, ਜਿਸ ਕਰਕੇ ਦੋਵਾਂ ਦੇ ਘਰਦਿਆਂ ਨੂੰ ਉਨ੍ਹਾਂ ਦਾ ਇਹ ਰਿਸ਼ਤਾ ਪਸੰਦ ਨਹੀਂ ਸੀ। ਇਸੇ ਕਾਰਨ ਦੋਵਾਂ ਨੇ ਅੱਜ ਇਹ ਕਦਮ ਚੁੱਕਿਆ ਹੈ।