ਬਲਵਿੰਦਰ ਰੈਤ
ਨੂਰਪੁਰ ਬੇਦੀ, 27 ਮਈ
ਲੜਕੇ ਵੱਲੋਂ ਵਿਆਹ ਕਰਵਾਉਣ ਤੋਂ ਮਨ੍ਹਾਂ ਕਰਨ ’ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਪਿੰਡ ਡੂਮੇਵਾਲ ਵਾਸੀ ਮੁਟਿਆਰ ਨੇ ਤੈਅ ਹੋਏ ਵਿਆਹ ਵਾਲੇ ਦਿਨ ਹੀ ਜ਼ਹਿਰੀਲੀ ਵਸਤ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ’ਚ ਚਾਊ ਉਰਫ਼ ਲਾਲ ਚੰਦ ਮੂਲ ਵਾਸੀ ਉੱਤਰ ਪ੍ਰਦੇਸ਼ ਤੇ ਹਾਲ ਵਾਸੀ ਪਿੰਡ ਡੂਮੇਵਾਲ ਨੇ ਦੱਸਿਆ ਕਿ ਉਹ ਪਿੰਡ ’ਚ ਕਈ ਸਾਲਾਂ ਤੋਂ ਮਜ਼ਦੂਰੀ ਕਰਦਾ ਹੈ। ਉਸ ਦੇ ਪੰਜ ਬੱਚਿਆਂ ’ਚੋਂ ਸਭ ਤੋਂ ਛੋਟੀ ਉਮਰ ਦੀ ਲੜਕੀ ਸਵਿੱਤਰੀ ਦੇਵੀ (22) ਘਰੇਲੂ ਕੰਮਕਾਜ ਕਰਦੀ ਹੈ।
ਉਸ ਦਾ ਕਰੀਬ ਪੰਜ ਮਹੀਨੇ ਪਹਿਲਾਂ ਅਜੇ ਕੁਮਾਰ ਵਾਸੀ ਗਣੇਸ਼ਪੁਰ ਭਾਰਟਾ ਥਾਣਾ ਮਾਹਲਪੁਰ (ਹੁਸ਼ਿਆਰਪੁਰ) ਨਾਲ ਰਿਸ਼ਤਾ ਹੋਇਆ ਸੀ। ਉਸ ਦੀ ਲੜਕੀ ਅਕਸਰ ਅਜੇ ਕੁਮਾਰ ਨਾਲ ਫੋਨ ’ਤੇ ਗੱਲ ਕਰਦੀ ਰਹਿੰਦੀ ਸੀ। ਇਸ ਦੌਰਾਨ ਅਜੈ ਵਿਆਹ ’ਚ ਮੋਟਰਸਾਈਕਲ ਅਤੇ ਸੋਨੇ ਦੀ ਮੁੰਦਰੀ ਦੀ ਮੰਗ ਕਰਨ ਲੱਗਾ ਤੇ ਪਰਿਵਾਰ ਨੇ ਉਸ ਨੂੰ ਦੇਣ ਦੀ ਤਿਆਰੀ ਵੀ ਕਰ ਲਈ ਸੀ। ਪਿਤਾ ਅਨੁਸਾਰ 10 ਦਿਨ ਪਹਿਲਾਂ ਅਜੈ ਨੇ ਉਸ ਦੀ ਧੀ ਨਾਲ ਵਿਆਹ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ। ਇਸ ਕਾਰਨ ਸਵਿੱਤਰੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਈ। ਇਸ ਤੋਂ ਬਾਅਦ 25 ਮਈ ਨੂੰ ਜਦੋਂ ਉਹ ਕੰਮ ’ਤੇ ਗਿਆ ਤਾਂ ਨੂੰ ਨੂੰਹ ਦਾ ਫੋਨ ਆਇਆ ਕਿ ਸਵਿੱਤਰੀ ਉਲਟੀਆਂ ਕਰ ਰਹੀ ਹੈ। ਉਸ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਚੌਕੀ ਕਲਵਾਂ ਦੇ ਇੰਚਾਰਜ ਸਰਤਾਜ ਸਿੰਘ ਅਨੁਸਾਰ ਲੜਕੇ ਖਿਲਾਫ਼ ਧਾਰਾ 306 ਤਹਿਤ ਕੇਸ ਦਰਜ ਕੀਤਾ ਗਿਆ ਹੈ।