ਪੱਤਰ ਪ੍ਰੇਰਕ
ਡੱਬਵਾਲੀ, 24 ਦਸੰਬਰ
ਪਿੰਡ ਰਿਸਾਲਿਆਖੇੜਾ ਵਿੱਚ ਪੈਸਿਆਂ ਦੇ ਲੈਣਦਾਰ ਵੱਲੋਂ ਜ਼ਮੀਨ ਦੀ ਜਬਰੀ ਰਜਿਸਟਰੀ ਕਰਵਾਉਣ ਤੋਂ ਦੁਖੀ ਕਰਜ਼ਦਾਰ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਜ਼ਿੰਦਗੀ ਮੁਕਾ ਲਈ। ਕਿਸਾਨ ਦੇ ਪੁੱਤਰ ਅਰਵਿੰਦ ਕੁਮਾਰ ਨੇ ਦੋਸ਼ ਲਗਾਇਆ ਕਿ ਉਸ ਦੇ ਪਿਤਾ ਸੀਤਾ ਰਾਮ (55) ਕੋਲ 6 ਏਕੜ ਵਾਹੀਯੋਗ ਰਕਬਾ ਹੈ, ਜਿਸ ਨਾਲ ਖਹਿੰਦੀ 32 ਕਨਾਲ ਇੱਕ ਮਰਲਾ ਜ਼ਮੀਨ ਦੀ ਰਜਿਸਟਰੀ ਵਿਨੋਦ ਕੁਮਾਰ ਵਾਸੀ ਰਿਸਾਲਿਆਖੇੜਾ ਨੇ ਜਬਰੀ ਆਪਣੇ ਪਰਿਵਾਰ ਦੀ ਔਰਤ ਦੇ ਨਾਂ ਕਰਵਾ ਲਈ। ਸੀਤਾ ਰਾਮ ਨੇ ਵਿਨੋਦ ਕੁਮਾਰ ਤੋਂ ਕਰਜ਼ਾ ਲਿਆ ਸੀ ਪਰ ਵਾਰ-ਵਾਰ ਕਹਿਣ ’ਤੇ ਵੀ ਵਿਨੋਦ ਹਿਸਾਬ ਨਹੀਂ ਕਰ ਰਿਹਾ ਸੀ। ਬੀਤੀ ਸ਼ਾਮ ਸੀਤਾ ਰਾਮ ਕੰਮ ਸਬੰਧੀ ਕਹਿ ਕੇ ਖੇਤ ਗਿਆ ਸੀ ਪਰ ਅੱਜ ਸਵੇਰੇ ਖਾਲ ’ਚ ਮ੍ਰਿਤਕ ਹਾਲਤ ’ਚ ਮਿਲਿਆ। ਪੁਲੀਸ ਨੇ ਵਿਨੋਦ ਕੁਮਾਰ, ਘੜਸੀ ਰਾਮ, ਵਿਕਾਸ, ਸਤਬੀਰ ਅਤੇ ਬਲਬੀਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।