ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਮਾਰਚ
ਇੱਥੇ ਇੱਕ 22 ਸਾਲਾ ਨਰਸ ਨੇ ਹਸਪਤਾਲ ਦੇ ਸਟਾਫ਼ ਨਾਲ ਹੋਏ ਝਗੜੇ ਤੋਂ ਦੁਖੀ ਹੋ ਕੇ ਫਾਹਾ ਲੈ ਲਿਆ। ਮ੍ਰਿਤਕਾ ਦੀ ਪਛਾਣ ਪ੍ਰਿਆ ਵਾਸੀ ਕਰਤਾਰਪੁਰ ਵਜੋਂ ਹੋਈ, ਜੋ ਇੱਥੋਂ ਦੇ ਕਪੂਰਥਲਾ ਚੌਕ ਨੇੜਲੇ ਇੱਕ ਹਸਪਤਾਲ ਵਿੱਚ ਬਤੌਰ ਨਰਸ ਕੰਮ ਕਰ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿਆ ਨੇ ਜਦੋਂ ਸਟਾਫ ਨਾਲ ਹੋਏ ਝਗੜੇ ਬਾਰੇ ਸੀਨੀਅਰ ਡਾਕਟਰ ਨੂੰ ਦੱਸਿਆ ਤਾਂ ਉਲਟਾ ਉਸੇ ਨੂੰ ਬੁਰਾ-ਭਲਾ ਬੋਲਿਆ ਗਿਆ। ਇਸ ਗੱਲ ਤੋਂ ਦੁਖੀ ਹੋ ਕੇ ਉਸ ਨੇ ਆਪਣੇ ਕੁਆਰਟਰ ’ਚ ਫਾਹਾ ਲੈ ਲਿਆ। ਪ੍ਰਿਆ ਦੇ ਕਾਫੀ ਦੇਰ ਬਾਹਰ ਨਾ ਆਉਣ ’ਤੇ ਜਦੋਂ ਸਟਾਫ ਮੈਂਬਰਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਇਸ ਬਾਰੇ ਸੂਚਨਾ ਮਿਲਣ ’ਤੇ ਪੁਲੀਸ ਨੇ ਤੁਰੰਤ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਿਆ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਸਪਤਾਲ ਦੇ ਪ੍ਰਬੰਧਨ ਕਾਰਨ ਉਨ੍ਹਾਂ ਦੀ ਲੜਕੀ ਦੀ ਜਾਨ ਗਈ ਹੈ ਅਤੇ ਪ੍ਰਬੰਧਕਾਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਖੁਦਕਸ਼ੀ ਨੋਟ ਨਹੀਂ ਮਿਲਿਆ। ਜੇ ਉਨ੍ਹਾਂ ਨੂੰ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਉਸ ਨਾਲ ਬਦਸਲੂਕੀ ਕਰਨ ਅਤੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕੀਤੇ ਜਾਣ ਦੇ ਸਬੂਤ ਮਿਲਦੇ ਹਨ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਨੇ ਹਾਲ ਦੀ ਘੜੀ ਆਈਪੀਸੀ ਦੀ ਧਾਰਾ 174 ਅਧੀਨ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਕੈਨੇਡਾ ਪੜ੍ਹਨ ਗਏ ਭਾਈਰੂਪਾ ਦੇ ਨੌਜਵਾਨ ਵੱਲੋਂ ਖੁਦਕੁਸ਼ੀ
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਭਾਈਰੂਪਾ ਦੇ ਨੌਜਵਾਨ ਨੇ ਕੈਨੇਡਾ ਦੇ ਬਰੈਂਪਟਨ ਦੇ ਇੱਕ ਪਾਰਕ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਨਮੋਲਦੀਪ ਸਿੰਘ ਗੋਲਡੀ (22) ਵਜੋਂ ਹੋਈ ਹੈ। ਅਨਮੋਲਦੀਪ ਦੇ ਪਿਤਾ ਮਿਰਗਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ਉਸ ਦਾ ਪੁੱਤਰ ਲਗਪਗ ਛੇ ਮਹੀਨੇ ਪਹਿਲਾਂ ਉਚੇਰੀ ਪੜ੍ਹਾਈ ਲਈ ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਵਿੰਡਸਰ ਦੇ ਇੱਕ ਕਾਲਜ ਵਿੱਚ ਗਿਆ ਸੀ। ਉੱਥੇ ਉਹ ਕੁਝ ਦੇਰ ਤੋਂ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਿਹਾ ਸੀ। ਇਸੇ ਪ੍ਰੇਸ਼ਾਨੀ ਕਰਕੇ ਉਹ ਬੀਤੇ ਦੋ ਮਹੀਨੇ ਤੋਂ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਬਰੈਂਪਟਨ ਰਹਿਣ ਲੱਗ ਗਿਆ ਸੀ। ਮਿਰਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਨਮੋਲਦੀਪ ਨੂੰ ਭਾਰਤ ਵਾਪਸ ਆਉਣ ਲਈ ਕਈ ਵਾਰ ਕਿਹਾ ਸੀ ਪਰ ਉਸ ਨੇ ਗੱਲ ਨਹੀਂ ਮੰਨੀ ਅਤੇ ਸ਼ਨਿਚਰਵਾਰ ਰਾਤ ਉਨ੍ਹਾਂ ਨੂੰ ਕੈਨੇਡਾ ਦੀ ਪੁਲੀਸ ਨੇ ਫੋਨ ਕਰ ਕੇ ਉਸ ਦੀ ਖੁਦਕੁਸ਼ੀ ਬਾਰੇ ਸੂਚਿਤ ਕੀਤਾ। ਅਨਮੋਲਦੀਪ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਮੌਤ ਦੀ ਖ਼ਬਰ ਸੁਣਦਿਆਂ ਇਲਾਕੇ ਵਿੱਚ ਸੋਗ ਫੈਲ ਗਿਆ। ਪਰਿਵਾਰ ਵੱਲੋਂ ਗੋਲਡੀ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ।