ਪੱਤਰ ਪ੍ਰੇਰਕ
ਮਾਛੀਵਾੜਾ, 26 ਅਗਸਤ
ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਪੰਜੇਟਾ ਦੇ ਕਿਸਾਨ ਕਰਮਜੀਤ ਸਿੰਘ (52) ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਕਿਸਾਨ ਦੇ ਪਿਤਾ ਰਣਜੀਤ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਕਰਮਜੀਤ ਸਿੰਘ ਖੇਤੀਬਾੜੀ ਕਰਦਾ ਸੀ, ਪਰ ਇਸ ਵਿੱਚ ਆਰਥਿਕ ਤੌਰ ’ਤੇ ਘਾਟਾ ਪੈਣ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਕਰਮਜੀਤ ਸਿੰਘ ਨੇ ਘਰ ਵਿੱਚ ਹੀ ਪਿਆ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕੂੰਮਕਲਾਂ ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਿਸਾਨ ਕਰਮਜੀਤ ਸਿੰਘ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪਿੱਛੇ ਪਰਿਵਾਰ ਵਿੱਚ ਉਸ ਦੀ ਇੱਕੋ-ਇੱਕ ਧੀ ਹੈ।