ਗਗਨਦੀਪ ਅਰੋੜਾ
ਲੁਧਿਆਣਾ, 7 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਖੇਤੀਬਾੜੀ ਵਿਭਾਗ ਅਫ਼ਸਰ ਦੇ ਅਹੁਦੇ ’ਤੇ ਤਾਇਨਾਤ ਰਮਨਪ੍ਰੀਤ ਕੌਰ ਨੇ ਅੱਜ ਆਪਣੇ ਪੁੱਤਰ ਨੂੰ ਜ਼ਹਿਰ ਖੁਆਉਣ ਮਗਰੋਂ ਖ਼ੁਦ ਵੀ ਜ਼ਹਿਰ ਨਿਗਲ ਲਿਆ। ਇਹ ਘਟਨਾ ਯੂਨੀਵਰਸਿਟੀ ਦੀ ਲੈਬ ਵਿੱਚ ਵਾਪਰੀ। ਦੇਰ ਸ਼ਾਮ ਤੱਕ ਜਦੋਂ ਦੋਵੇਂ ਘਰ ਨਾ ਪੁੱਜੇ ਤਾਂ ਰਮਨਪ੍ਰੀਤ ਦਾ ਪਤੀ ਉਸ ਨੂੰ ਦੇਖਣ ਲਈ ਯੂਨੀਵਰਸਿਟੀ ਪਹੁੰਚਿਆ, ਜਿਥੇ ਦੋਵੇਂ ਜਣੇ ਜ਼ਮੀਨ ’ਤੇ ਡਿੱਗੇ ਹੋਏ ਸਨ। ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਇਸ ਦੇ ਨਾਲ ਹੀ ਥਾਣਾ ਪੀਏਯੂ ਦੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਰਮਨਪ੍ਰੀਤ ਤੇ ਬੱਚੇ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਡੀਐੱਮਸੀ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਦੌਵਾਂ ਦੀ ਮੌਤ ਹੋ ਗਈ। ਪੋਸਟਮਾਰਟਮ ਮਗਰੋਂ ਪੁਲੀਸ ਨੇ ਦੋਵੇਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ। ਥਾਣਾ ਪੀਏਯੂ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਮਨਪ੍ਰੀਤ ਕੌਰ ਮੋਗਾ ਦੀ ਰਹਿਣ ਵਾਲੀ ਸੀ ਤੇ ਉਕਤ ਬੱਚੇ ਦੀ ਪਛਾਣ ਉਸ ਦੇ ਪੁੱਤਰ ਦੀਪ ਸਿੰਘ (7) ਵਜੋਂ ਹੋਈ ਹੈ। ਰਮਨਪ੍ਰੀਤ ਸਥਾਨਕ ਨਿਊ ਮਾਡਲ ਟਾਊਨ ਵਿੱਚ ਆਪਣੇ ਪਤੀ ਜੀਵਨਜੋਤ ਸਿੰਘ ਨਾਲ ਰਹਿ ਰਹੀ ਸੀ। ਉਸ ਦੇ ਪਤੀ ਨੇ ਦੱਸਿਆ ਕਿ ਰਮਨਪ੍ਰੀਤ ਕਿਸੇ ਕਾਰਨ ਕਰਕੇ ਪ੍ਰੇਸ਼ਾਨ ਚੱਲ ਰਹੀ ਸੀ। ਲੜਕੇ ਦੀਆਂ ਸਕੂਲ ਤੋਂ ਛੁੱਟੀਆਂ ਹੋਣ ਕਾਰਨ ਅੱਜਕੱਲ੍ਹ ਉਹ ਉਸ ਨੂੰ ਵੀ ਨਾਲ ਲੈ ਜਾਂਦੀ ਸੀ। ਜੀਵਨਜੋਤ ਸਿੰਘ ਨੇ ਦੋਵਾਂ ਨੂੰ ਪੀਏਯੂ ਛੱਡਿਆ ਤੇ ਖ਼ੁਦ ਬੈਂਕ ਚਲਾ ਗਿਆ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਹਿਲਾ ਨੇ ਪਹਿਲਾਂ ਆਪਣੇ ਲੜਕੇ ਨੂੰ ਜ਼ਹਿਰ ਦਿੱਤਾ ਤੇ ਮਗਰੋਂ ਖ਼ੁਦ ਖਾਧਾ। ਉਨ੍ਹਾਂ ਕਿਹਾ ਕਿ ਇਸ ਖ਼ੁਦਕੁਸ਼ੀ ਪਿਛਲੇ ਕਾਰਨਾਂ ਸਬੰਧੀ ਜਾਂਚ ਜਾਰੀ ਹੈ।