ਜਸਵੰਤ ਜੱਸ/ਗੁਰਪ੍ਰੀਤ ਸਾਦਿਕ
ਫ਼ਰੀਦਕੋਟ, 30 ਜੂਨ
ਕਸਬਾ ਸਾਦਿਕ ਵਿੱਚ ਖੇਤੀ ਵਿਭਿੰਨਤਾ ਨੂੰ ਅਪਣਾਉਂਦਿਆਂ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਦਾ ਤਜਰਬਾ ਬੇਹੱਦ ਕੌੜਾ ਰਿਹਾ ਹੈ। 9 ਮਹੀਨਿਆਂ ’ਚ ਤਿਆਰ ਕੀਤੀ ਗੰਨੇ ਦੀ ਫਸਲ ਦਾ ਇਲਾਕੇ ‘ਚ ਕੋਈ ਗਾਹਕ ਨਹੀਂ ਮਿਲਿਆ। ਇਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਆਪਣੇ ਦੋ ਏਕੜ ਕਮਾਦ ਨੂੰ ਅੱਗ ਲਗਾ ਦਿੱਤੀ। ਕਰੀਬ ਪੰਜ ਏਕੜ ਜ਼ਮੀਨ ਦੇ ਮਾਲਕ ਜਗਤਾਰ ਸਿੰਘ ਵਾਸੀ ਸਾਦਿਕ ਨੇ ਕਿਹਾ ਕਿ ਉਸ ਨੇ ਕਣਕ ਝੋਨੇ ਦੇ ਫ਼ਸਲੀ ਚੱਕਰ ਨੂੰ ਛੱਡ ਕੇ ਕਮਾਦ ਬੀਜਣਾ ਸ਼ੁਰੂ ਕੀਤਾ ਸੀ, ਜੋ ਉਸ ਲਈ ਕਾਫੀ ਘਾਟੇ ਦਾ ਸੌਦਾ ਸਾਬਤ ਹੋਇਆ।
ਉਨ੍ਹਾਂ ਕਿਹਾ ਕਿ ਪਹਿਲਾਂ ਉਹ ਆਪਣਾ ਗੰਨਾ ਘੁਲਾੜੀਆਂ ’ਤੇ ਵੇਚਦਾ ਸੀ ਅਤੇ ਕੁਝ ਗੰਨਾ ਜੂਸ ਲਈ ਰੇਹੜੀਆਂ ਉੱਪਰ ਵੇਚਦਾ ਸੀ ਪਰ ਤਾਲਾਬੰਦੀ ਹੋਣ ਕਾਰਨ ਉਸ ਦਾ ਦੋ ਏਕੜ ਕਮਾਦ ਕਿਤੇ ਵੀ ਨਹੀਂ ਵਿਕ ਸਕਿਆ, ਜਿਸ ਕਰਕੇ ਕਮਾਦ ਦੀ ਫਸਲ ਨੂੰ ਬਿਮਾਰੀ ਪੈਣੀ ਸ਼ੁਰੂ ਹੋ ਗਈ ਸੀ ਅਤੇ ਗੰਨਾ ਕਾਣਾ ਅਤੇ ਫਿੱਕਾ ਹੋਣ ਲੱਗ ਪਿਆ ਸੀ।
ਜਗਤਾਰ ਸਿੰਘ ਨੇ ਕਿਹਾ ਕਿ ਜੇਕਰ ਉਹ ਫਸਲੀ ਵਿਭਿੰਨਤਾ ਦੇ ਚੱਕਰ ’ਚ ਨਾ ਪੈਂਦਾ ਤਾਂ ਉਹ ਆਸਾਨੀ ਨਾਲ ਦੋ ਫਸਲਾਂ ਹਾਸਲ ਕਰ ਸਕਦਾ ਸੀ, ਪ੍ਰੰਤੂ ਕਮਾਦ ਦੀ ਫਸਲ ਸਾਲ ਬਾਅਦ ਆਉਂਦੀ ਹੈ ਫਿਰ ਵੀ ਉਸ ਲਈ ਬਾਜ਼ਾਰ ਵਿੱਚ ਕੋਈ ਗਾਹਕ ਨਹੀਂ ਹੈ।
ਮੁੱਖ ਖੇਤੀਬਾੜੀ ਅਫ਼ਸਰ ਹਰਨੇਕ ਸਿੰਘ ਰੋਡੇ ਨੇ ਕਿਹਾ ਕਿ ਫ਼ਰੀਦਕੋਟ ਦੀ ਧਰਤੀ ਗੰਨੇ ਲਈ ਉਪਜਾਊ ਹੈ। ਉਨ੍ਹਾਂ ਕਿਹਾ ਕਿ ਖੇਤ ਵਿੱਚ ਫਸਲ ਲੰਮਾਂ ਸਮਾਂ ਖੜ੍ਹੀ ਹੋਣ ਕਾਰਨ ਬਿਮਾਰੀ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਜਿੰਦਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਖੇਤੀ ਸਬੰਧੀ ਜਾਰੀ ਕੀਤੇ ਗਏ ਆਰਡੀਨੈਂਸ ਜਾਰੀ ਹੋਣ ਨਾਲ ਕਿਸਾਨਾਂ ਦੀ ਹਾਲਤ ਇਸ ਤੋਂ ਵੀ ਬੁਰੀ ਹੋਣ ਵਾਲੀ ਹੈ। ਉਨ੍ਹਾਂ ਪੀੜਤ ਕਿਸਾਨ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦਾ ਮੰਡੀਕਰਨ ਯਕੀਨੀ ਬਣਾਇਆ ਜਾਵੇ। ਦੱਸਣਯੋਗ ਹੈ ਕਿ ਪੰਜਾਬ ਸਹਿਕਾਰਤਾ ਵਿਭਾਗ ਨੇ ਫ਼ਰੀਦਕੋਟ ਵਿੱਚ ਆਧੁਨਿਕ ਖੰਡ ਮਿਲ ਸਥਾਪਤ ਕੀਤੀ ਸੀ, ਜੋ 15 ਸਾਲ ਚੱਲਣ ਤੋਂ ਬਾਅਦ 2006 ‘ਚ 66 ਕਰੋੜ ਦਾ ਘਾਟਾ ਦਿਖਾ ਕੇ ਬੰਦ ਕਰ ਦਿੱਤੀ ਗਈ ਸੀ। ਗੰਨੇ ਦਾ ਮੰਡੀਕਰਨ ਸਹੀ ਨਾ ਹੋਣ ਕਾਰਨ ਫ਼ਰੀਦਕੋਟ ਜ਼ਿਲ੍ਹੇ ’ਚ ਇਸ ਦੀ ਕਾਸ਼ਤ ਨਾਂਮਾਤਰ ਹੀ ਰਹਿ ਗਈ ਹੈ।