ਪੱਤਰ ਪ੍ਰੇਰਕ
ਮੁਕੇਰੀਆਂ, 3 ਸਤੰਬਰ
ਇਥੋਂ ਦੀ ਖੰਡ ਮਿੱਲ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਬਕਾਏ ਦੀ ਅਦਾਇਗੀ ਕਰਨ ਦੀ ਥਾਂ ਕੇਵਲ ਭਰੋਸਾ ਹੀ ਦਿੱਤਾ ਜਾ ਰਿਹਾ ਹੈ, ਜਦੋਂਕਿ ਨਵੇਂ ਸੀਜ਼ਨ ਦੀ ਪਿੜਾਈ ਨਵੰਬਰ ਵਿੱਚ ਸ਼ੁਰੂ ਹੋ ਜਾਵੇਗੀ। ਖੰਡ ਮਿੱਲ ਪ੍ਰਬੰਧਕਾਂ ਨੇ ਮੁਕੇਰੀਆਂ ਦੇ ਐੱਸਡੀਐੱਮ ਕੰਵਲਜੀਤ ਸਿੰਘ ਨੂੰ ਪੱਤਰ ਭੇਜ ਕੇ ਲਿਖਿਆ ਹੈ ਕਿ ਗੰਨਾ ਕਾਸ਼ਤਕਾਰਾਂ ਦੀ ਰਹਿੰਦੀ ਕਰੀਬ 17.66 ਕਰੋੜ ਦੀ ਅਦਾਇਗੀ 7 ਸਤੰਬਰ ਤੱਕ ਮੁਕੰਮਲ ਕਰ ਦਿੱਤੀ ਜਾਵੇਗੀ। ਦੋਆਬਾ ਕਿਸਾਨ ਕਮੇਟੀ ਮੁਕੇਰੀਆਂ ਵੱਲੋਂ ਪ੍ਰਧਾਨ ਅਵਤਾਰ ਸਿੰਘ ਬੌਬੀ ਦੀ ਅਗਵਾਈ ਹੇਠ ਗੰਨਾ ਕਾਸ਼ਤਕਾਰਾਂ ਦੀ ਮੀਟਿੰਗ ਐੱਸਡੀਐੱਮ ਕੰਵਲਜੀਤ ਸਿੰਘ ਨਾਲ ਹੋਈ। ਇਸ ਮੌਕੇ ਕਿਸਾਨ ਆਗੂ ਹਰਭਜਨ ਸਿੰਘ ਮੋਹਲਾ, ਦਲਜੀਤ ਸਿੰਘ ਮੰਝਪੁਰ, ਸ਼ਮਸ਼ੇਰ ਸਿੰਘ ਗੁਰਦਾਸਪੁਰ, ਗੁਰਦੀਪ ਸਿੰਘ ਮੀਰਥਲ, ਬਲਜਿੰਦਰ ਸਿੰਘ ਰਾਣਾ ਧਨੋਆ ਸ਼ਾਮਲ ਹੋਏ। ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਧਰਨੇ ਦੌਰਾਨ ਕੇਨ ਕਮਿਸ਼ਨਰ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਖੰਡ ਮਿੱਲ ਪ੍ਰਬੰਧਕਾਂ ਨੇ ਅਦਾਇਗੀ 30 ਜੁਲਾਈ ਤੱਕ ਕਰਨ ਦਾ ਲਿਖਤੀ ਭਰੋਸਾ ਦਿੱਤਾ ਸੀ ਪਰ ਇਹ ਵਾਅਦਾ ਵਫ਼ਾ ਨਾ ਹੋਇਆ। ਉਨ੍ਹਾਂ ਕਿਹਾ ਕਿ ਜੇ ਨਿੱਜੀ ਖੰਡ ਮਿੱਲਾਂ ਗੰਨਾ ਕਾਸ਼ਤਕਾਰਾਂ ਦੀ ਫ਼ਸਲ ਦਾ ਬਣਦਾ ਮੁੱਲ ਸਮੇਂ ਸਿਰ ਅਦਾ ਨਹੀਂ ਕਰ ਸਕਦੀਆਂ ਤਾਂ ਉਕਤ ਖੰਡ ਮਿੱਲਾਂ ਨੂੰ ਗੰਨੇ ਦੀ ਪਿੜਾਈ ਵੀ ਨਹੀਂ ਕਰਨੀ ਚਾਹੀਦੀ। ਐੱਸਡੀਐੱਮ ਕੰਵਲਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੁੱਲ ਬਣਦੀ ਰਕਮ ’ਚੋਂ 94 ਫ਼ੀਸਦੀ ਤੋਂ ਵੱਧ ਦੀ ਅਦਾਇਗੀ ਗੰਨਾ ਕਾਸ਼ਤਕਾਰਾਂ ਨੂੰ ਕੀਤੀ ਜਾ ਚੁੱਕੀ ਹੈ ਤੇ ਖੰਡ ਮਿੱਲ ਮੁਕੇਰੀਆਂ ਵੱਲ ਸਿਰਫ਼ 17.66 ਕਰੋੜ ਦਾ ਬਕਾਇਆ ਹੀ ਖੜ੍ਹਾ ਹੈ ਜੋ ਸੱਤ ਸਤੰਬਰ ਤਕ ਦੇ ਦਿੱਤਾ ਜਾਵੇਗਾ।