ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਸਤੰਬਰ
ਗੰਨੇ ਦੀ ਅਦਾਇਗੀ ਨਾ ਹੋਣ ਤੋਂ ਖਫ਼ਾ ਹਜ਼ਾਰਾਂ ਕਿਸਾਨਾਂ ਨੇ ਅੱਜ ਗੰਨਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇੱਥੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ, ਜਿਸ ਮਗਰੋਂ ਸੰਘਰਸ਼ ਅੱਗੇ ਝੁਕਦਿਆਂ ਪ੍ਰਸ਼ਾਸਨ ਨੇ 31 ਅਕਤੂਬਰ ਤੱਕ ਬਕਾਇਆ ਦਿਵਾਉਣ ਦਾ ਭਰੋਸਾ ਦਿੱਤਾ ਹੈ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਡੀਸੀ ਦਫ਼ਤਰ ਦੇ ਮੁੱਖ ਗੇਟ ਅੱਗੇ ਬੈਰੀਕੇਡ ਲਗਾ ਕੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ।
ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗੰਨਾ ਸੰਘਰਸ਼ ਕਮੇਟੀ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਨਾਜ਼ਮ ਸਿੰਘ ਪੁੰਨਾਂਵਾਲ, ਗੁਰਜੰਟ ਸਿੰਘ ਬੁਗਰਾ, ਜਗਮੇਲ ਸਿੰਘ ਉਭਾਵਾਲ, ਪ੍ਰੇਮਜੀਤ ਸਿੰਘ ਭੋਜੋਵਾਲੀ, ਹਰਬੰਸ ਸਿੰਘ ਚੌਂਦਾ, ਰਣਜੋਤ ਸਿੰਘ ਬੱਬਨਪੁਰ ਅਤੇ ਲੱਖਾ ਸਿੰਘ ਬਾਲੀਆਂ ਨੇ ਕਿਹਾ ਕਿ ਗੰਨੇ ਦਾ ਕਰੀਬ 8 ਕਰੋੜ ਰੁਪਏ ਦਾ ਬਕਾਇਆ ਹੈ, ਜਿਸ ਖਾਤਰ ਗੰਨਾ ਸੰਘਰਸ਼ ਕਮੇਟੀ ਦੇ ਦੋ ਆਗੂ ਹਰਜੀਤ ਸਿੰਘ ਬੁਗਰਾ ਅਤੇ ਸੁਖਵੰਤ ਸਿੰਘ ਚੌਂਦਾ ਪਿਛਲੇ ਚਾਰ ਦਿਨ ਤੋਂ ਖੰਡ ਮਿੱਲ ਧੂਰੀ ਦੀ ਚਿਮਨੀ ’ਤੇ ਚੜ੍ਹੇ ਹੋਏ ਹਨ ਪਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਚੁੱਪ ਧਾਰ ਰੱਖੀ ਹੈ, ਮਜਬੂਰੀਵੱਸ ਅੱਜ ਕਿਸਾਨਾਂ ਨੂੰ ਡੀਸੀ ਦਫ਼ਤਰ ਦਾ ਘਿਰਾਓ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੰਨਾ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ ਹੈ, ਜਿਸ ਵਿੱਚ ਏਡੀਸੀ ਅਨਮੋਲ ਸਿੰਘ ਧਾਲੀਵਾਲ ਨੇ 31 ਅਕਤੂਬਰ ਤੱਕ ਬਕਾਇਆ ਰਾਸ਼ੀ ਜਾਰੀ ਕਰਾਉਣ ਦਾ ਭਰੋਸਾ ਦਿੱਤਾ ਹੈ, ਜਿਸ ਮਗਰੋਂ ਧਰਨਾ ਚੁੱਕ ਲਿਆ ਗਿਆ ਹੈ ਤੇ ਚਿਮਨੀ ’ਤੇ ਚੜ੍ਹੇ ਦੋਵੇਂ ਆਗੂਆਂ ਨੂੰ ਉਤਾਰਨ ਦਾ ਫ਼ੈਸਲਾ ਲਿਆ ਗਿਆ ਹੈ।