ਜਗਜੀਤ ਸਿੰਘ
ਮੁਕੇਰੀਆਂ, 28 ਨਵੰਬਰ
ਸਹਿਕਾਰੀ ਖੰਡ ਮਿੱਲ ਪਨਿਆੜ ਅਤੇ ਭੋਗਪੁਰ ਮਗਰੋਂ ਅੱਜ ਮੁਕੇਰੀਆਂ ਖੰਡ ਮਿੱਲ ਵੱਲੋਂ ਪਿੜਾਈ ਸ਼ੁਰੂ ਕਰਨ ਦੇ ਬਾਵਜੂਦ ਸੂਬੇ ਦੇ ਗੰਨਾ ਕਿਸਾਨਾਂ ਨੂੰ ਸਰਕਾਰ ਦੇ ਮਿੱਥੇ ਭਾਅ 360 ਰੁਪਏ ਪ੍ਰਤੀ ਕੁਇੰਟਲ ਬਾਰੇ ਭੰਬਲਭੂਸਾ ਬਣਿਆ ਹੋਇਆ ਹੈ। ਖੰਡ ਮਿੱਲਾਂ ਨੇ ਵਧਾਏ ਭਾਅ ਦੀ ਅਦਾਇਗੀ ਕੀਤੇ ਜਾਣ ਤੋਂ ਅਸਮਰੱਥਾ ਜਤਾਈ ਸੀ ਅਤੇ ਕੇਵਲ 325 ਰੁਪਏ ਦੇਣ ਦਾ ਦਾਅਵਾ ਕੀਤਾ ਸੀ।
ਖੰਡ ਮਿੱਲਾਂ ਨੂੰ ਰਾਹਤ ਦਿੰਦਿਆਂ ਸੂਬਾ ਸਰਕਾਰ ਨੇ ਗੰਨੇ ਦੇ ਤੈਅ ਕੀਤੇ 360 ਰੁਪਏ ਪ੍ਰਤੀ ਕੁਇੰਟਲ ਭਾਅ ਨੂੰ ਦੋ ਭਾਗਾਂ ਵਿੱਚ ਵੰਡਦਿਆਂ ਕਿਹਾ ਸੀ ਕਿ ਖੰਡ ਮਿੱਲਾਂ 325 ਰੁਪਏ ਪ੍ਰਤੀ ਕੁਇੰਟਲ ਅਤੇ ਰਹਿੰਦੇ 35 ਰੁਪਏ ਪੰਜਾਬ ਸਰਕਾਰ ਵੱਲੋਂ ਅਦਾ ਕੀਤੇ ਜਾਣਗੇ ਪਰ ਸੀਜ਼ਨ ਸ਼ੁਰੂ ਹੋ ਜਾਣ ਦੇ ਬਾਵਜੂਦ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਸਰਕਾਰ ਇਹ ਅਦਾਇਗੀ ਖੰਡ ਮਿੱਲਾਂ ਨੂੰ ਕਰੇਗੀ ਜਾਂ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਪਾਵੇਗੀ। ਕੇਨ ਕਮਿਸ਼ਨਰ ਦੇ ਅੰਕੜਿਆਂ ਅਨੁਸਾਰ ਸੂਬੇ ਅੰਦਰ ਇਸ ਸਾਲ 1 ਲੱਖ ਹੈਕਟੇਅਰ (ਢਾਈ ਲੱਖ ਏਕੜ) ਤੋਂ ਵੱਧ ਰਕਬਾ ਗੰਨੇ ਅਧੀਨ ਹੈ, ਜਿਹੜਾ ਕਿ ਪਿਛਲੇ ਸਾਲ 95000 ਹੈਕਟੇਅਰ ਸੀ। ਹਾਈ ਕੋਰਟ ਨੇ ਗੰਨੇ ਦੀ ਅਦਾਇਗੀ 14 ਦਿਨਾਂ ਅੰਦਰ ਕਰਨ ਜਾਂ ਲੇਟ ਅਦਾਇਗੀ ’ਤੇ 15 ਫੀਸਦੀ ਵਿਆਜ ਅਦਾ ਕਰਨ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ ਪਰ ਬਹੁਤੀਆਂ ਖੰਡ ਮਿੱਲਾਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੀਆਂ। ਹਰ ਵਾਰ ਕਿਸਾਨਾਂ ਨੂੰ ਆਪਣੀ ਅਦਾਇਗੀ ਲਈ ਲਗਾਤਾਰ ਧਰਨੇ ਲਗਾਉਣੇ ਪੈਂਦੇ ਹਨ।
ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਤੈਅ ਕੀਤਾ ਗਿਆ 360 ਰੁਪਏ ਦਾ ਭਾਅ ਉਹ ਖੰਡ ਮਿੱਲਾਂ ਕੋਲੋਂ ਹੀ ਲੈਣਗੇ ਅਤੇ ਇਹ ਅਦਾਇਗੀ ਨਾਲੋਂ-ਨਾਲ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਸਰਕਾਰ ਐਲਾਨੀ 35 ਰੁਪਏ ਦੀ ਰਾਹਤ ਖੰਡ ਮਿੱਲਾਂ ਨੂੰ ਸਿੱਧੀ ਅਦਾ ਕਰੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇੱਕਮੁਸ਼ਤ 360 ਰੁਪਏ ਦੇ ਹਿਸਾਬ ਨਾਲ ਅਦਾਇਗੀ ਨਿਯਤ ਸਮੇਂ ਅੰਦਰ ਲੈਣਗੇ।
ਖੰਡ ਮਿੱਲ ਮਾਲਕਾਂ ਨਾਲ ਜਲਦੀ ਕਰਾਂਗੇ ਮੀਟਿੰਗ: ਕੇਨ ਕਮਿਸ਼ਨਰ
ਸੂਬੇ ਦੇ ਕੇਨ ਕਮਿਸ਼ਨਰ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਖੰਡ ਮਿੱਲਾਂ ਚਲਾਉਣ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਗੰਨੇ ਦੀ ਅਦਾਇਗੀ ਕਿਸਾਨਾਂ ਨੂੰ ਸਮੇਂ ਸਿਰ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਸਰਕਾਰ ਪਹਿਲਾਂ 35 ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਸਿੱਧੀ ਅਦਾ ਕਰਨਾ ਚਾਹੁੰਦੀ ਸੀ ਪਰ ਕੁਝ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਸਰਕਾਰ ਆਪਣੇ ਹਿੱਸੇ ਦੀ ਅਦਾਇਗੀ ਖੰਡ ਮਿੱਲਾਂ ਨੂੰ ਕਰੇ ਅਤੇ ਖੰਡ ਮਿੱਲਾਂ ਕਿਸਾਨਾਂ ਨੂੰ ਮੁਕੰਮਲ ਅਦਾਇਗੀ ਸਮੇਂ ਸਿਰ ਯਕੀਨੀ ਬਣਾਉਣ। ਇਸ ਦੇ ਮੱਦੇਨਜ਼ਰ ਇੱਕ-ਦੋ ਦਿਨਾਂ ਅੰਦਰ ਖੰਡ ਮਿੱਲ ਮਾਲਕਾਂ ਨਾਲ ਮੀਟਿੰਗ ਕਰਕੇ ਸਪੱਸ਼ਟ ਕਰ ਦਿੱਤਾ ਜਾਵੇਗਾ।