ਚਰਨਜੀਤ ਭੁੱਲਰ
ਚੰਡੀਗੜ੍ਹ, 23 ਨਵੰਬਰ
ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੇ ਖੰਡ ਮਿੱਲਾਂ ਵੱਲ ਕਰੀਬ ਢਾਈ ਸੌ ਕਰੋੜ ਰੁਪਏ ਫਸ ਗਏ ਹਨ, ਜਿਨ੍ਹਾਂ ਦੀ ਵਸੂਲੀ ਲਈ ਕਿਸਾਨ ਹੁਣ ਸੰਘਰਸ਼ੀ ਰਾਹ ’ਤੇ ਉਤਰੇ ਹਨ। ਦੋਆਬੇ ਅਤੇ ਮਾਝਾ ਖੇਤਰ ਦੇ ਕਿਸਾਨ ਖੰਡ ਮਿੱਲਾਂ ਤੋਂ ਪੁਰਾਣੇ ਬਕਾਏ ਨਾ ਮਿਲਣ ਤੋਂ ਦੁਖੀ ਹਨ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਕਾਏ ਦੇਣ ਲਈ ਵੱਡੀ ਪਹਿਲਕਦਮੀ ਨਹੀਂ ਕੀਤੀ ਗਈ। ਤੀਹ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਬਕਾਏ ਦਾ ਰੋਣਾ ਰੋਇਆ ਸੀ ਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਇਸ ਮਾਮਲੇ ਨੂੰ ਕਈ ਵਾਰ ਉਠਾ ਚੁੱਕੇ ਹਨ।
ਵੇਰਵਿਆਂ ਅਨੁਸਾਰ ਪ੍ਰਾਈਵੇਟ ਖੰਡ ਮਿੱਲਾਂ ਦੇ ਸਾਲ 2019-20 ਦੇ 132 ਕਰੋੜ ਅਤੇ ਸਹਿਕਾਰੀ ਖੰਡ ਮਿੱਲਾਂ ਦੇ ਲੰਘੇ ਮਾਲੀ ਵਰ੍ਹੇ ਦੇ 118 ਕਰੋੜ ਦੇ ਬਕਾਏ ਖੜ੍ਹੇ ਹਨ। ਕਰੀਬ 250 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਹਾਲੇ ਤਕ ਨਹੀਂ ਹੋਈ। ਫਗਵਾੜਾ ਖੰਡ ਮਿੱਲ ਅੱਗੇ ਬੀਕੇਯੂ (ਦੋਆਬਾ) ਦੀ ਅਗਵਾਈ ਹੇਠ ਕਿਸਾਨਾਂ ਨੇ 15 ਨਵੰਬਰ ਤੋਂ ਦਿਨ ਰਾਤ ਦਾ ਧਰਨਾ ਲਾਇਆ ਹੋਇਆ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੀ ਕੀੜੀ ਅਫਗਾਨਾ ਖੰਡ ਮਿੱਲ ਅੱਗੇ ਵੀ ਕਿਸਾਨਾਂ ਨੇ 13 ਨਵੰਬਰ ਨੂੰ ਧਰਨਾ ਲਾਇਆ ਸੀ, ਜਿਸ ਮਗਰੋਂ ਪ੍ਰਸ਼ਾਸਨ ਨੇ ਕਿਸਾਨਾਂ ਦਾ ਸਮਝੌਤਾ ਕਰਾ ਦਿੱਤਾ ਸੀ, ਜਿਸ ਤਹਿਤ ਕਿਸਾਨਾਂ ਨੂੰ ਖੰਡ ਮਿੱਲ ਵੱਲੋਂ ਰੋਜ਼ਾਨਾ ਅਦਾਇਗੀ ਕੀਤੀ ਜਾਣੀ ਸੀ। ਗੰਨੇ ਦੀ ਪਿੜਾਈ ਦਾ ਨਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪਰ ਕਿਸਾਨਾਂ ਨੂੰ ਪੁਰਾਣੇ ਬਕਾਏ ਨਹੀਂ ਮਿਲੇ।
ਵੇਰਵਿਆਂ ਅਨੁਸਾਰ ਪ੍ਰਾਈਵੇਟ ਫਗਵਾੜਾ ਖੰਡ ਮਿੱਲ ਵੱਲ ਕਰੀਬ ਦੋ ਹਜ਼ਾਰ ਕਿਸਾਨਾਂ ਦੇ ਲੰਘੇ ਵਰ੍ਹੇ ਦੇ 73.5 ਕਰੋੜ ਦੇ ਬਕਾਏ ਖੜ੍ਹੇ ਹਨ ਜਦਕਿ ਕੀੜੀ ਅਫਗਾਨਾ ਖੰਡ ਮਿੱਲ ਵੱਲ 37 ਕਰੋੜ ਦੇ ਬਕਾਏ ਖੜ੍ਹੇ ਹਨ। ਅਮਲੋਹ ਅਤੇ ਦਸੂਹਾ ਖੰਡ ਮਿੱਲਾਂ ਨੇ ਅਦਾਇਗੀ ਕਰ ਦਿੱਤੀ ਹੈ। ਸਹਿਕਾਰੀ ਮਿੱਲਾਂ ’ਤੇ ਨਜ਼ਰ ਮਾਰੀਏ ਤਾਂ ਅਜਨਾਲਾ ਮਿੱਲ ਵੱਲ 21.5 ਕਰੋੜ, ਬਟਾਲਾ ਤੇ ਭੋਗਪੁਰ ਖੰਡ ਮਿੱਲਾਂ ਵੱਲ 9-9 ਕਰੋੜ, ਬੁੱਢੇਵਾਲ ਮਿੱਲ ਵੱਲ 12 ਕਰੋੜ, ਗੁਰਦਾਸਪੁਰ ਮਿੱਲ ਵੱਲ 17 ਕਰੋੜ, ਨਵਾਂ ਸ਼ਹਿਰ ਵੱਲ 15 ਕਰੋੜ, ਫਾਜ਼ਿਲਕਾ ਮਿੱਲ ਵੱਲ 8.95 ਕਰੋੜ, ਨਕੋਦਰ ਮਿੱਲ ਵੱਲ 13 ਕਰੋੜ ਅਤੇ ਮੋਰਿੰਡਾ ਖੰਡ ਮਿੱਲ ਵੱਲ 12 ਕਰੋੜ ਦਾ ਬਕਾਇਆ ਖੜ੍ਹਾ ਹੈ। ਇਸ ਵਰ੍ਹੇ ਛੇ ਕਰੋੜ ਕੁਇੰਟਲ ਗੰਨਾ ਆਉਣ ਦੀ ਸੰਭਾਵਨਾ ਹੈ ਅਤੇ ਐਤਕੀਂ ਗੰਨੇ ਹੇਠ ਕਰੀਬ 96 ਹਜ਼ਾਰ ਹੈਕਟੇਅਰ ਰਕਬਾ ਸੀ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਗਵਾੜਾ ਮਿੱਲ ਤੋਂ ਬਕਾਏ ਵਸੂਲਣ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਮਿੱਲ ਨਹੀਂ ਚੱਲਣ ਦਿਆਂਗੇ: ਸਾਹਨੀ
ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਉਹ 15 ਨਵੰਬਰ ਤੋਂ ਫਗਵਾੜਾ ਖੰਡ ਮਿੱਲ ਅੱਗੇ ਦਿਨ-ਰਾਤ ਦੇ ਧਰਨੇ ’ਤੇ ਬੈਠੇ ਹਨ ਪਰ ਪ੍ਰਬੰਧਕਾਂ ਨੇ ਕੋਈ ਹੁੰਗਾਰਾ ਨਹੀਂ ਭਰਿਆ। ਇਸ ਮਿੱਲ ਨੇ ਹਾਲੇ ਤਕ 27 ਫ਼ੀਸਦੀ ਅਦਾਇਗੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਪ੍ਰਬੰਧਕ ਪੁਰਾਣਾ ਬਕਾਇਆ ਨਹੀਂ ਦਿੰਦੇ, ਉਹ ਮਿੱਲ ਨੂੰ ਚੱਲਣ ਨਹੀਂ ਦੇਣਗੇ।