ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 6 ਅਗਸਤ
ਸੂਫੀ ਗਾਇਕਾ ਜੋਤੀ ਨੂਰਾਂ ਉਰਫ ਜੋਤੀ ਮੀਰ ਨੇ ਪਤੀ ਨਾਲ ਚੱਲਦੇ ਵਿਵਾਦ ਕਾਰਨ ਪੁਲੀਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਅੱਜ ਇਥੇ ਪ੍ਰੈੱਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਜੋਤੀ ਨੇ ਕਿਹਾ ਕਿ ਉਸ ਨੇ ਕੁਨਾਲ ਪਾਸੀ ਪੁੱਤਰ ਸੁਸ਼ੀਲ ਪਾਸੀ ਵਾਸੀ ਫਿਲੌਰ ਨਾਲ 2 ਅਗਸਤ 2014 ਨੂੰ ਚੰਡੀਗੜ੍ਹ ਨੇੜੇ ਮਲੋਆ ਸਥਿਤ ਰਾਧਾ ਕ੍ਰਿਸ਼ਨ ਮੰਦਿਰ ਵਿੱਚ ਹਿੰਦੂ ਰੀਤ-ਰਿਵਾਜ਼ਾਂ ਅਨੁਸਾਰ ਵਿਆਹ ਕਰਵਾਇਆ ਸੀ। ਉਸ ਵੇਲੇ ਕੁਨਾਲ ਦੇ ਮਾਤਾ-ਪਿਤਾ ਇਸ ਵਿਆਹ ਨਾਲ ਸਹਿਮਤ ਨਹੀਂ ਸਨ, ਜਿਸ ਮਗਰੋਂ ਉਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕਰਕੇ ਸੁੱਰਖਿਆ ਦੀ ਮੰਗ ਕੀਤੀ ਸੀ।
ਜੋਤੀ ਨੇ ਕਿਹਾ ਕਿ ਹੁਣ ਉਸ ਦਾ ਆਪਣੇ ਪਤੀ ਕੁਨਾਲ ਨਾਲ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਉਸ ਨੇ ਅਦਾਲਤ ਵਿੱਚ ਤਲਾਕ ਦਾ ਕੇਸ ਦਾਇਰ ਕੀਤਾ ਹੈ। ਇਸ ਕੇਸ ਦੀ ਅਗਲੀ ਸੁਣਵਾਈ 11 ਅਕਤੂਬਰ 2022 ਨੂੰ ਹੋਣੀ ਹੈ। ਇਸ ਦੌਰਾਨ ਜੋਤੀ ਨੇ ਐੱਸਐੱਸਪੀ (ਦਿਹਾਤੀ), ਜਲੰਧਰ ਕੋਲ ਆਪਣੇ ਪਤੀ ਖ਼ਿਲਾਫ਼ ਕਾਨੂੰਨੀ ਕਰਵਾਈ ਕਰਨ ਦੀ ਮੰਗ ਸਣੇ ਆਪਣੀ ਸੁਰੱਖਿਆ ਲਈ ਦਰਖਾਸਤ ਦਿੱਤੀ ਹੈ। ਇਸ ਵੇਲੇ ਜੋਤੀ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਜੋਤੀ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੇ ਉਸ ਦੇ ਨਾਂ ’ਤੇ ਕੁਨਾਲ ਕੋਲ ਕੋਈ ਸ਼ੋਅ ਬੁੱਕ ਕਰਵਾਇਆ ਹੋਵੇ ਤਾਂ ਉਸ ਨਾਲ ਸੰਪਰਕ ਕਰੇ ਕਿਉਂਕਿ ਕੁਨਾਲ ਵੱਲੋਂ ਉਸ ਨੂੰ ਕਿਸੇ ਸ਼ੋਅ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ।