ਚਰਨਜੀਤ ਭੁੱਲਰ
ਚੰਡੀਗੜ੍ਹ, 11 ਮਈ
ਪੰਜਾਬ ਵਿੱਚ ਬਿਜਲੀ ਦੀ ਮੰਗ ਵਿੱਚ ਅਣਕਿਆਸੇ ਵਾਧੇ ਨੇ ਪਾਵਰਕੌਮ ਦੀ ਨੀਂਦ ਉਡਾ ਦਿੱਤੀ ਹੈ| ਹੁਣ ਪਾਵਰਕੌਮ ਇਸ ਘੋਖ ਵਿੱਚ ਜੁਟ ਗਿਆ ਹੈ ਕਿ ਬਿਜਲੀ ਦੀ ਮੰਗ ਕਿਹੜੇ ਸੈਕਟਰ ’ਚ ਵਧੀ ਹੈ| ਮੰਗਲਵਾਰ ਵਾਲੇ ਦਿਨ ਜਿਉਂ ਹੀ ਪਾਰਾ ਚੜ੍ਹਿਆ, ਬਿਜਲੀ ਦੀ ਮੰਗ ਵਿੱਚ ਇੱਕ ਹਜ਼ਾਰ ਮੈਗਾਵਾਟ ਦਾ ਵਾਧਾ ਹੋ ਗਿਆ| ਮੌਜੂਦਾ ਬਿਜਲੀ ਮੰਗ ਦਰ ਵਿੱਚ ਵਾਧੇ ਤੋਂ ਕਿਆਸ ਲੱਗ ਰਹੇ ਹਨ ਕਿ ਝੋਨੇ ਦੀ ਲੁਆਈ ਮੌਕੇ ਪੰਜਾਬ ਵਿਚ ਬਿਜਲੀ ਸੰਕਟ ‘ਆਊਟ ਆਫ ਕੰਟਰੋਲ’ ਹੋ ਸਕਦਾ ਹੈ| ਮੌਨਸੂਨ ਪਛੜ ਕੇ ਆਈ ਤਾਂ ਬਿਜਲੀ ਦੀ ਪੂਰਤੀ ਔਖੀ ਹੋ ਜਾਣੀ ਹੈ|
ਕੱਲ੍ਹ ਬਿਜਲੀ ਦੀ ਔਸਤਨ ਮੰਗ 9390 ਮੈਗਾਵਾਟ ਸੀ ਜੋ ਕਿ ਪਿਛਲੇ ਵਰ੍ਹੇ ਇਸੇ ਤਰੀਖ਼ ਨੂੰ 6067 ਮੈਗਾਵਾਟ ਸੀ| ਇਸ ਮੰਗ ਵਿੱਚ 55 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ| ਅਪਰੈਲ ਮਹੀਨੇ ਬਿਜਲੀ ਦੀ ਮੰਗ 32 ਫ਼ੀਸਦੀ ਵਧੀ ਹੈ ਜਦਕਿ ਮਈ ਮਹੀਨੇ ਦੇ ਪਹਿਲੇ ਦਸ ਦਿਨਾਂ ਦੌਰਾਨ ਇਹੋ ਵਾਧਾ 38 ਫ਼ੀਸਦੀ ਦਰਜ ਕੀਤਾ ਗਿਆ ਹੈ|
ਪਤਾ ਲੱਗਾ ਹੈ ਕਿ ਪਾਵਰਕੌਮ ਦੇ ਫੀਲਡ ਅਧਿਕਾਰੀ ਹੁਣ ਇਹ ਜਾਂਚਣ ’ਚ ਲੱਗੇ ਹਨ ਕਿ ਆਖ਼ਰ ਕਿਹੜੇ ਸੈਕਟਰ ’ਚ ਬਿਜਲੀ ਦੀ ਮੰਗ ਦੇ ਵਾਧੇ ਲਈ ਕਿਹੜੇ-ਕਿਹੜੇ ਕਾਰਨ ਜ਼ਿੰਮੇਵਾਰ ਹਨ| ਪਾਵਰਕੌਮ ਕੋਲ ਇਸ ਵੇਲੇ ਵੱਧ ਤੋਂ ਵੱਧ 15 ਹਜ਼ਾਰ ਮੈਗਾਵਾਟ ਬਿਜਲੀ ਦੀ ਪੂਰਤੀ ਦਾ ਪ੍ਰਬੰਧ ਹੈ| ਮੌਨਸੂਨ ਸਮੇਂ ਸਿਰ ਆਈ ਤਾਂ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਦੇ ਆਸ-ਪਾਸ ਰਹਿਣ ਦੀ ਆਸ ਹੈ| ਜੇਕਰ ਮੌਨਸੂਨ ਪਛੜ ਗਈ ਤਾਂ ਪੰਜਾਬ ਵਾਸੀਆਂ ਨੂੰ ਲੰਮੇ ਬਿਜਲੀ ਕੱਟ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ|
ਪਾਵਰਕੌਮ ਕੋਲ ਸੂਬੇ ਅੰਦਰ ਵੱਖ-ਵੱਖ ਸਰੋਤਾਂ ਤੋਂ ਕਰੀਬ 6500 ਮੈਗਾਵਾਟ ਬਿਜਲੀ ਦੀ ਪੈਦਾਵਾਰ ਦੇ ਵਸੀਲੇ ਹਨ ਜਦੋਂਕਿ ਪੰਜਾਬ ਤੋਂ ਬਾਹਰੋਂ ਕਰੀਬ 8500 ਮੈਗਾਵਾਟ ਬਿਜਲੀ ਦੀ ਪੂਰਤੀ ਕੀਤੀ ਜਾ ਸਕਦੀ ਹੈ| ਬਾਹਰੋਂ ਬਿਜਲੀ ਲੈਣ ਲਈ ਟਰਾਂਸਮਿਸ਼ਨ ਸਮਰੱਥਾ ਹੁਣ 8500 ਮੈਗਾਵਾਟ ਕੀਤੀ ਜਾ ਰਹੀ ਹੈ| ਸੀਨੀਅਰ ਅਧਿਕਾਰੀ ਦੱਸਦੇ ਹਨ ਕਿ ਪਾਵਰਕੌਮ ਆਗਾਮੀ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਬਿਜਲੀ ਦੇ ਪ੍ਰਬੰਧ ਕਰਨ ਵਿੱਚ ਜੁਟੇ ਹੋਏ ਹਨ| ਕੇਂਦਰੀ ਪੂਲ ਅਤੇ ਐਕਸਚੇਂਜ ਤੋਂ ਬਿਜਲੀ ਲੈਣ ਤੋਂ ਇਲਾਵਾ ਵਿਦੇਸ਼ੀ ਕੋਲਾ ਵੀ ਮੰਗਵਾਇਆ ਜਾ ਰਿਹਾ ਹੈ| ਐਤਕੀਂ ਬਿਜਲੀ ਸੰਕਟ ਕਰ ਕੇ ਪਾਵਰਕੌਮ ਨੂੰ ਕਰੀਬ ਚਾਰ ਹਜ਼ਾਰ ਕਰੋੜ ਵਾਧੂ ਖ਼ਰਚ ਕਰਨੇ ਪੈਣਗੇ|
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਮੌਜੂਦਾ ਬਿਜਲੀ ਸੰਕਟ ਨੂੰ ਦੇਖਦੇ ਹੋਏ ‘ਊਰਜਾ ਯੋਜਨਾ’ ਨੂੰ ਰੀਵਿਊ ਕੀਤਾ ਜਾਵੇ| ਪੰਜਾਬ ਤੋਂ ਬਿਨਾਂ ਕਰੀਬ ਅੱਠ ਹੋਰ ਸੂਬਿਆਂ ਵਿੱਚ ਬਿਜਲੀ ਸੰਕਟ ਡੂੁੰਘਾ ਹੋ ਗਿਆ ਹੈ| ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ’ਚ ਵੀ ਬਿਜਲੀ ਦਾ ਸੰਕਟ ਹੈ|
ਪੰਜਾਬ ਵਿੱਚ ਮੰਗਲਵਾਰ ਨੂੰ ਕੋਈ ਬਿਜਲੀ ਕੱਟ ਨਹੀਂ ਲੱਗਿਆ| ਕਿਸਾਨ ਧਿਰਾਂ ਨੇ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਕਰਨ ਲਈ ਬਿਗਲ ਵਜਾ ਦਿੱਤਾ ਹੈ ਜਦਕਿ ਪੰਜਾਬ ਸਰਕਾਰ ਬਿਜਲੀ ਅਤੇ ਪਾਣੀ ਬਚਾਉਣ ਲਈ 18 ਜੂਨ ਤੋਂ ਜ਼ੋਨ ਵਾਈਜ਼ ਝੋਨਾ ਲੁਆਈ ਲਈ ਫਾਰਮੂਲਾ ਦੇ ਚੁੱਕੀ ਹੈ| ਬਿਜਲੀ ਮੰਤਰੀ ਨੇ ਵੀ ਕਿਸਾਨ ਆਗੂਆਂ ਨੂੰ ਆਖਿਆ ਹੈ ਕਿ ਪੰਜਾਬ ਦਾ ਪਾਣੀ ਬਚਾਉਣ ਲਈ ਨਵੇਂ ਫਾਰਮੂਲੇ ਨੂੰ ਅਪਣਾਇਆ ਜਾਵੇ| ਜੇ 10 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੁੰਦੀ ਹੈ ਤਾਂ ਬਿਜਲੀ ਦੀ ਕਿੱਲਤ ਪੂਰੀ ਕਰਨ ਵਾਸਤੇ ਘਰੇਲੂ ਅਤੇ ਵਪਾਰਕ ਬਿਜਲੀ ’ਤੇ ਕੱਟ ਲੱਗਣੇ ਤੈਅ ਹਨ|
ਧਾਰਮਿਕ ਅਦਾਰੇ ਵੱਲੋਂ ਬਿਜਲੀ ਦੀ ਚੋਰੀ
ਪਾਵਰਕੌਮ ਨੇ ਲੰਘੇ ਕੱਲ੍ਹ ਮਾਝੇ ਦੀ ਸੁਰ ਸਿੰਘ ਵਾਲਾ ਸਬ-ਡਿਵੀਜ਼ਨ ਵਿੱਚ ਇੱਕ ਧਾਰਮਿਕ ਸੰਸਥਾ ਨੂੰ ਬਿਜਲੀ ਚੋਰੀ ਕਰਦੇ ਫੜਿਆ ਹੈ| ਇਸ ਧਾਰਮਿਕ ਕੰਪਲੈਕਸ ਵਿਚ 11 ਕੇਵੀ ਲਾਈਨ ਤੋਂ ਸਿੱਧੀ ਕੁੰਡੀ ਲਾ ਕੇ ਪ੍ਰਾਈਵੇਟ ਟਰਾਂਸਫਾਰਮਰ ਨਾਲ ਜੋੜੀ ਹੋਈ ਸੀ| ਕੰਪਲੈਕਸ ਅੰਦਰ 17 ਏਸੀ, 7 ਗੀਜ਼ਰ ਅਤੇ 200 ਬਲਬ ਅਤੇ ਪੱਖੇ ਆਦਿ ਚੱਲ ਰਹੇ ਸਨ| ਇਹ ਬਿਜਲੀ ਚੋਰੀ ਵਰ੍ਹਿਆਂ ਤੋਂ ਹੋ ਰਹੀ ਸੀ| ਇੱਕ ਥਾਣੇਦਾਰ ਨੂੰ ਵੀ ਬਿਜਲੀ ਚੋਰੀ ਕਰਦੇ ਫੜਿਆ ਗਿਆ ਹੈ| ਐਨਫੋਰਸਮੈਂਟ ਵਿੰਗ ਨੇ ਬਿਜਲੀ ਚੋਰੀ ਰੋਕਣ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ| ਕੱਲ੍ਹ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਵਿੱਚ ਲੋਕਾਂ ਨੇ ਪਾਵਰਕੌਮ ਦੀ ਟੀਮ ਨੂੰ ਚੈਕਿੰਗ ਕਰਨ ਤੋਂ ਰੋਕ ਦਿੱਤਾ ਜਿਸ ਬਾਰੇ ਪਾਵਰਕੌਮ ਨੇ ਪੁਲੀਸ ਕੇਸ ਲਈ ਲਿਖਿਆ ਹੈ|