ਪਰਮਜੀਤ ਸਿੰਘ
ਫਾਜ਼ਿਲਕਾ,4 ਮਾਰਚ
ਵੋਟਿੰਗ ਮਸ਼ੀਨਾਂ ਨੂੰ ਸੰਭਾਲਣ ਵਾਸਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿੱਚ ਬਣਾਏ ਈਵੀਐੱਮ ਸਟਰਾਂਗ ਰੂਮ ਵਿੱਚ ਗੋਲੀ ਚੱਲਣ ਕਾਰਨ ਇਕ ਪੰਜਾਬ ਪੁਲੀਸ ਦੇ ਸਬ ਇੰਸਪੈਕਟਰ ਦੀ ਮੌਤ ਹੋ ਗਈ। ਉਹ ਇਥੇ ਤਾਇਨਾਤ ਗਾਰਦ ਦਾ ਇੰਚਾਰਜ ਸੀ। ਸਬ ਇੰਸਪੈਕਟਰ ਬਲਦੇਵ ਰਾਜ ਵੱਲੋਂ ਸਰਕਾਰੀ ਪਿਸਤੌਲ ਨਾਲ ਕਥਿਤ ਤੌਰ ’ਤੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜ਼ਖ਼ਮੀ ਪੁਲੀਸ ਅਧਿਕਾਰੀ ਨੂੰ ਜਦੋਂ ਸਰਕਾਰੀ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਉਸ ਦੀ ਮੌਤ ਹੋ ਗਈ ਹੈ। ਬਲਦੇਵ ਰਾਜ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਚੱਕ ਜੰਡਵਾਲਾ ਉਰਫ ਮੌਲਵੀਵਾਲਾ ਦਾ ਰਹਿਣ ਵਾਲਾ ਸੀ। ਉਹ ਆਪਣੇ ਪਿੱਛੇ ਪਤਨੀ,ਇਕ ਲੜਕਾ ਛੱਡ ਗਏ ਹਨ। ਵੱਡੀ ਲੜਕੀ ਵਿਆਹੀ ਹੋਈ ਹੈ। ਪਿੰਡ ਦੇ ਵਸਨੀਕ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਇਸ ਪਰਿਵਾਰ ਦੀ ਸਾਰੀ 30-35 ਏਕੜ ਜ਼ਮੀਨ ਜਾਇਦਾਦ ਸਾਂਝੀ ਹੈ ਅਤੇ ਸਾਰਾ ਪਰਿਵਾਰ ਇਕੱਠਾ ਰਹਿ ਰਹੇ ਹਨ। ਪਿੰਡ ਵਿਚ ਰਹਿੰਦੇ ਕਿਸੇ ਤਰ੍ਹਾਂ ਦੀ ਵੀ ਇਸ ਪਰਿਵਾਰ ਵਿੱਚ ਪ੍ਰੇਸ਼ਾਨੀ ਜਾਂ ਕੋਈ ਲੜਾਈ ਝਗੜਾ ਨਹੀਂ ਦੇਖਿਆ।