ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੂਨ
ਲੋਕ ਨਿਰਮਾਣ ਵਿਭਾਗ ਦੇ ਉਸਾਰੀ ਮੰਡਲ ਨੰਬਰ 3, ਬਠਿੰਡਾ ਵਿੱਚ ਤਾਇਨਾਤ ਉਪ ਮੰਡਲ ਇੰਜਨੀਅਰ ਸੁਖਪ੍ਰੀਤ ਸਿੰਘ ਤੇ ਜੂਨੀਅਰ ਇੰਜਨੀਅਰ ਨਵੀਨ ਕੁਮਾਰ ਨੂੰ ਸੇਵਾਵਾਂ ਵਿੱਚ ਕੁਤਾਹੀ ਕਰਨ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਬੰਧਤ ਅਧਿਕਾਰੀ ਤੇ ਕਰਮਚਾਰੀ ਅਧੀਨ ਚੱਲ ਰਹੇ ਉਸਾਰੀ ਕਾਰਜ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਕਤ ਮੁਲਾਜ਼ਮਾਂ ਵੱਲੋਂ ਕੁਤਾਹੀ ਵਰਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਵਿਭਾਗ ਵੱਲੋਂ ਇਸ ਮਾਮਲੇ ਦੀ ਪੜਤਾਲ ਕਰਨ ਮਗਰੋਂ ਸਬੰਧਤ ਅਧਿਕਾਰੀ ਤੇ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁਅੱਤਲੀ ਦੌਰਾਨ ਸਬੰਧਤ ਅਧਿਕਾਰੀ/ਕਰਮਚਾਰੀ ਦਾ ਹੈੱਡਕੁਆਟਰ ਮੁੱਖ ਇੰਜਨੀਅਰ ਦਫ਼ਤਰ ਪਟਿਆਲਾ ਹੋਵੇਗਾ।