ਜਗਮੋਹਨ ਸਿੰਘ/ਬਲਵਿੰਦਰ ਰੈਤ
ਰੂਪਨਗਰ/ਨੂਰਪੁਰ ਬੇਦੀ, 15 ਮਾਰਚ
ਜ਼ਿਲ੍ਹਾ ਰੂਪਨਗਰ ਪੁਲੀਸ ਨੇ ਖਣਨ ਮਾਫੀਆ ’ਤੇ ਨਕੇਲ ਕਸਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੁਆਂ ਨਦੀ ਵਿੱਚ ਨਾਜਾਇਜ਼ ਖਣਨ ਕਰ ਰਹੀ ਪੋਕਲੇਨ ਮਸ਼ੀਨ ਦੇ ਚਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਨੂਰਪੁਰ ਬੇਦੀ ਪੁਲੀਸ ਵੱਲੋਂ ਇਹ ਕਾਰਵਾਈ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਵਿੰਦਰ ਕੁਮਾਰ ਜੂਨੀਅਰ ਇੰਜਨੀਅਰ-ਕਮ-ਮਾਈਨਿੰਗ ਇੰਸਪੈਕਟਰ ਆਨੰਦਪੁਰ ਸਾਹਿਬ ਦੀ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ। ਥਾਣਾ ਨੂਰਪੁਰ ਬੇਦੀ ਪੁਲੀਸ ਦੇ ਤਫਤੀਸ਼ੀ ਅਧਿਕਾਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਨੂਰਪੁਰ ਬੇਦੀ ਪੁਲੀਸ ਦੇ ਮੁੱਖ ਅਧਿਕਾਰੀ ਵੱਲੋਂ ਮੌਕਾ ਦੇਖਿਆ ਗਿਆ ਪਰ ਨਦੀ ਵਿੱਚ ਪਾਣੀ ਚੱਲਦਾ ਹੋਣ ਕਰਕੇ ਮਾਈਨਿੰਗ ਦੀ ਪੈਮਾਇਸ਼ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਵੀਡੀਓ ਕਲਿੱਪ ਵਿੱਚ ਮਾਈਨਿੰਗ ਦਾ ਸਾਫ ਪਤਾ ਚੱਲ ਰਿਹਾ ਹੈ ਜਿਸ ਵਿੱਚ ਪੋਕਲੇਨ ਮਸ਼ੀਨ ਦੀ ਸ਼ਨਾਖ਼ਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮਸ਼ੀਨ ਦੇ ਅਣਪਛਾਤੇ ਡਰਾਈਵਰ ਵਿਰੁੱਧ ਖਣਨ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ।