ਪਾਲ ਸਿੰਘ ਨੌਲੀ
ਜਲੰਧਰ, 6 ਮਾਰਚ
ਯੂਕਰੇਨ ਵਿੱਚ ਫਸੇ ਜਲੰਧਰ ਦੇ ਵਿਦਿਆਰਥੀਆਂ ’ਚੋਂ ਅੱਜ ਪੰਜ ਹੋਰ ਵਿਦਿਆਰਥੀ ਯਤਨਜੀਤ ਕੌਰ, ਲਵਲੀਨ ਕੌਰ, ਰੌਸ਼ਾਲੀ, ਵਿਨੈ ਸ਼ੀਲ ਅਤੇ ਜੋਸ਼ਾ ਜੈਮਸ ਆਪੋ-ਆਪਣੇ ਘਰ ਸੁਰੱਖਿਅਤ ਪਰਤ ਆਏ ਹਨ। ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਜੰਗ ਤੋਂ ਬਾਅਦ ਉਹ ਆਪਣੀ ਪੜ੍ਹਾਈ ਪੂਰੀ ਕਰਨ ਲਈ ਮੁੜ ਯੂਕਰੇਨ ਜਾਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਪੜ੍ਹਾਈ ਸਿਰਫ ਤਿੰਨ ਜਾਂ ਚਾਰ ਮਹੀਨਿਆਂ ਦੀ ਰਹਿ ਗਈ ਹੈ, ਉਨ੍ਹਾਂ ਲਈ ਇਸ ਨੂੰ ਮੁਕੰਮਲ ਕਰਨਾ ਬਹੁਤ ਜ਼ਰੂਰੀ ਹੈ। ਜੇ ਅਜਿਹਾ ਨਾ ਹੋਇਆ ਤਾਂ ਵੱਡੀ ਗਿਣਤੀ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਜਾਵੇਗਾ। ਕਈ ਵਿਦਿਆਰਥੀਆਂ ਨੇ ਕਿਹਾ ਕਿ ਦੇਸ਼ ਵਿੱਚ ਹੀ ਪੜ੍ਹਾਈ ਦਾ ਵਧੀਆ ਪ੍ਰਬੰਧ ਹੋਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅੱਠ ਵਿਦਿਆਰਥੀ ਪੋਲੈਂਡ, ਤਿੰਨ ਰੋਮਾਨੀਆ, ਦੋ-ਦੋ ਵਿਦਿਆਰਥੀ ਹੰਗਰੀ, ਅਲਬਾਨੀਆ ਅਤੇ ਜਰਮਨੀ ਤੇ ਇਕ ਵਿਦਿਆਰਥੀ ਪੁਰਤਗਾਲ ਪਹੁੰਚ ਚੁੱਕੇ ਹਨ। ਹੁਣ ਸਿਰਫ ਤਿੰਨ ਵਿਦਿਆਰਥੀ ਹੀ ਯੂਕਰੇਨ ਵਿੱਚ ਫਸੇ ਹੋਏ ਹਨ, ਜਿਨ੍ਹਾਂ ਦੀ ਸੁਰੱਖਿਅਤ ਵਾਪਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਸਬੰਧੀ ਜਾਣਕਾਰੀ ਇਕੱਤਰ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੰਟਰੋਲ ਰੂਮ ਸਥਾਪਤ ਕੀਤਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਹਾਲੇ ਯੂਕਰੇਨ ਵਿੱਚ ਫਸੇ ਹੋਏ ਹਨ, ਉਹ ਜ਼ਿਲ੍ਹਾ ਪੱਧਰ ’ਤੇ 24 ਘੰਟੇ ਸਥਾਪਿਤ ਕੀਤੇ ਗਏ ਕੰਟਰੋਲ ਰੂਮ ਨੰਬਰ 0181-2224417 ਅਤੇ 1100 ’ਤੇ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਨ, ਤਾਂ ਜੋ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਵਿਚਾਲੇ ਛੁੱਟੀ ਪੜ੍ਹਾਈ ਪੂਰੀ ਕਰਵਾਉਣ ਦੀ ਅਪੀਲ
ਭਿੱਖੀਵਿੰਡ (ਨਰਿੰਦਰ ਸਿੰਘ): ਯੂਕਰੇਨ ਵਿੱਚ ਐਮਬੀਬੀਐਸ ਕਰਨ ਗਏ ਕਸਬਾ ਵਲਟੋਹਾ ਦੇ ਦੋ ਸਕੇ ਭੈਣ-ਭਰਾ ਸੌਰਵਪ੍ਰੀਤ ਸਿੰਘ ਅਤੇ ਹਰਸਿਮਰਨ ਕੌਰ ਅੱਜ ਘਰ ਪਰਤ ਆਏ ਹਨ। ਪਰਿਵਾਰ ਵੱਲੋਂ ਦੋਵਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਰਸਿਮਰਨ ਨੇ ਦੱਸਿਆ ਕਿ ਉਸ ਦੀ ਪੜ੍ਹਾਈ ਮਈ ਵਿੱਚ ਪੂਰੀ ਹੋ ਜਾਣੀ ਸੀ ਪਰ ਉਸ ਨੂੰ ਪੜ੍ਹਾਈ ਵਿਚਾਲੇ ਛੱਡ ਕੇ ਪਰਿਵਾਰ ਕੋਲ ਵਾਪਸ ਆਉਣਾ ਪਿਆ। ਉਨ੍ਹਾਂ ਸਰਕਾਰ ਕੋਲੋਂ ਬਾਕੀ ਦੀ ਪੜ੍ਹਾਈ ਪੂਰੀ ਕਰਵਾਉਣ ਦੀ ਅਪੀਲ ਕੀਤੀ। ਦੋਵਾਂ ਦੇ ਪਿਤਾ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ ਦੇ ਸੁਰੱਖਿਅਤ ਪਰਤਣ ’ਤੇ ਉਹ ਬਹੁਤ ਖ਼ੁਸ਼ ਹਨ।
ਕੇਂਦਰੀ ਮੰਤਰੀ ਸੋਮਨਾਥ ਵੱਲੋਂ ਵਿਦਿਆਰਥੀਆਂ ਦਾ ਸੁਆਗਤ
ਫਗਵਾੜਾ (ਪੱਤਰ ਪ੍ਰੇਰਕ): ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਦਾ ਉਪਰਾਲਾ ਜਾਰੀ ਹੈ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਅੱਜ ‘ਗੋ ਏਅਰ’ ਰਾਹੀਂ ਯੂਕਰੇਨ ਤੋਂ 183 ਭਾਰਤੀਆਂ ਦੇ ਬੁਡਾਪੈਸਟ (ਹੰਗਰੀ) ਤੋਂ ਭਾਰਤ ਸੁਰੱਖਿਅਤ ਪਹੁੰਚਣ ’ਤੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ।