ਰਵੇਲ ਸਿੰਘ ਭਿੰਡਰ
ਪਟਿਆਲਾ, 1 ਜੂਨ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤਾਲਾਬੰਦੀ ਦੌਰਾਨ ਲਏ ਗਏ ਵਿਦਿਆਰਥੀ ਵਿਰੋਧੀ ਫ਼ੈਸਲੇ ਦਾ ਸਾਂਝੇ ਵਿਦਿਆਰਥੀ ਮੋਰਚੇ ਦੀ ਅਗਵਾਈ ਹੇਠ ਵੱਖ-ਵੱਖ ਵਿਦਿਆਰਥੀ ਧਿਰਾਂ ਪੀ.ਐੱਸ.ਯੂ-ਲਲਕਾਰ, ਪੀ.ਐੱਸ.ਯੂ, ਡੀ. ਐੱਸ.ਓ, ਐੱਸ.ਐੱਫ.ਆਈ, ਪੀ.ਆਰ.ਐੱਸ. ਯੂ, ਏ.ਆਈ.ਐੱਸ.ਐੱਫ. ਨੇ ਵਿਰੋਧ ਕੀਤਾ ਹੈ।
ਫ਼ੈਸਲਿਆਂ ਖ਼ਿਲਾਫ਼ ਸਾਂਝੇ ਵਿਦਿਆਰਥੀ ਮੋਰਚੇ ਦੀ ਅਗਵਾਈ ਹੇਠ ਅੱਜ ਊਪ-ਕੁਲਪਤੀ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੌਰਾਨ ਵਿਦਿਆਰਥੀਆਂ ਆਗੂਆਂ ਵੱਲੋਂ ਦਿੱਤੇ ਗਏ ਮੰਗ ਪੱਤਰ ’ਚ 8 ਜੂਨ ਤੱਕ ਸਮੈਸਟਰ ਫ਼ੀਸ ਮੰਗਣ ਦਾ ਫ਼ੈਸਲਾ ਵਾਪਸ ਲੈਣ, ਯੂਨੀਵਰਸਿਟੀ ਖੁੱਲ੍ਹਣ ਮਗਰੋਂ ਘੱਟੋ-ਘੱਟ ਇੱਕ ਮਹੀਨਾ ਵਿਦਿਆਰਥੀਆਂ ਦੀਆਂ ਕਲਾਸਾਂ ਲਾ ਕੇ ਇਮਤਿਹਾਨ ਦੀ ਤਿਆਰੀ ਦਾ ਸਮਾਂ ਦੇਣ ’ਤੇ ਜ਼ੋਰ ਦਿੱਤਾ ਗਿਆ।
ਆਗੂਆਂ ਆਖਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 8 ਜੂਨ ਤੱਕ ਫ਼ੀਸਾਂ ਭਰਨ ਦਾ ਫਰਮਾਨ ਅਤੇ ਵਿਦਿਆਰਥੀ ਨੂੰ ਪੂਰਾ ਸਮਾਂ ਦਿੱਤੇ ਬਿਨਾਂ ਇਮਤਿਹਾਨ ਲੈਣ ਦਾ ਹੁਕਮ ਜਾਰੀ ਕਰਨਾ ਵਿਦਿਆਰਥੀ ਵਿਰੋਧੀ ਅਤੇ ਖੋਜਾਰਥੀਆਂ ਨੂੰ 45 ਦਿਨਾਂ ਦੇ ਵਿੱਚ ਖੋਜ ਕਾਰਜ ਦੀਆਂ ਰਿਪੋਰਟਾਂ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕਰਨਾ ਗਲਤ ਹੈ। ਆਗੂਆਂ ਨੇ ਆਖਿਆ ਕਿ ਤਾਲਾਬੰਦੀ ਕਾਰਨ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ ਅਜਿਹੇ ’ਚ ਯੂਨੀਵਰਸਿਟੀ ਵੱਲੋਂ ਫ਼ੀਸਾਂ ਮੰਗਣਾ ਸਰਾਸਰ ਬੇਇਨਸਾਫ਼ੀ ਹੈ, ਸਰਕਾਰਾਂ ਤੋਂ ਰਾਹਤ ਪੈਕੇਜ ਜਾਰੀ ਕਰਵਾਉਣ ਦੀ ਥਾਂ ਯੂਨੀਵਰਸਿਟੀ ਵਿਦਿਆਰਥੀਆਂ ਤੇ ਊਨ੍ਹਾਂ ਦੇ ਮਾਪਿਆਂ ਦੀਆਂ ਖਾਲੀ ਜੇਬਾਂ ਵੱਲ ਦੇਖ ਰਹੀ ਹੈ।
ਡੀਨ ਅਕਾਦਮਿਕ ਡਾ. ਜੀ.ਐੱਸ. ਬੱਤਰਾ ਵੱਲੋਂ ਮੰਗ ਪੱਤਰ ਲਏ ਜਾਣ ਤੱਕ ਵਿਦਿਆਰਥੀਆਂ ਨੇ ਅੰਦੋਲਨ ਭਖਾਈ ਰੱਖਿਆ। ਇਸ ਮੌਕੇ ਏ.ਆਈ.ਐੱਸ.ਐੱਫ ਤੋਂ ਵਰਿੰਦਰ, ਪੀ.ਐੱਸ.ਯੂ. ਵੱਲੋਂ ਲਖਵਿੰਦਰ, ਪੀ.ਐੱਸ.ਯੂ-ਲਲਕਾਰ ਤੋਂ ਹਰਪ੍ਰੀਤ , ਐੱਸ.ਐੱਫ.ਆਈ ਤੋਂ ਅੰਮ੍ਰਿਤਪਾਲ, ਪੀ.ਆਰ.ਐੱਸ.ਯੂ. ਤੋਂ ਰਸਪਿੰਦਰ ਜਿਮੀ ਅਤੇ ਡੀ.ਐੱਸ.ਓ. ਤੋਂ ਅਜੈਬ ਆਦਿ ਆਗੂ ਮੌਜੂਦ ਸਨ।