ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਯੂਕਰੇਨ ਅੰਤਰਰਾਸ਼ਟਰੀ ਮੈਡੀਕਲ ਯੂਨੀਵਰਸਿਟੀ ਵਿੱਚ ਐੱਮਬੀਬੀਐੱਸ ਚੌਥੇ ਸਾਲ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਯੁੱਧ ਦੇ ਮਾਹੌਲ ਵਿੱਚ ਅੱਠ ਦਿਨ ਗੁਜ਼ਾਰਨ ਮਗਰੋਂ ਘਰ ਵਾਪਸ ਆਉਣ ’ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਸ ਨੇ ਦੱਸਿਆ ਕਿ ਯੂਕਰੇਨ ਵਿੱਚੋਂ ਜਿਊਂਦੇ ਵਾਪਸ ਆਉਣਾ, ਉਸ ਲਈ ਇਕ ਕਰਿਸ਼ਮਾ ਸੀ। ਰਾਜਵੀਰ ਕੌਰ ਦੇ ਪਿਤਾ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਸੱਤ ਦਿਨ ਸੌਂ ਕੇ ਨਹੀਂ ਦੇਖਿਆ। ਹੁਣ ਉਨ੍ਹਾਂ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਪ੍ਰਤਾਮਤਮਾ ਦਾ ਸ਼ੁਕਰਾਨਾ ਕੀਤਾ। ਇਸ ਦੌਰਾਨ ਮੁਕਤਸਰ ਦੇ ਅਭਿਸ਼ੇਕ ਕਸਰੀਜਾ ਨੇ ਦੱਸਿਆ ਕਿ ਯੂਕੇਰੀਅਨ ਲੋਕ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਵਿੱਚੋਂ ਨਹੀਂ ਨਿਕਲਣ ਦਿੰਦੇ ਸਨ ਤਾਂ ਕਿ ਰੂਸ ਦੇ ਹਮਲੇ ਤੋਂ ਬਚੇ ਰਹਿਣ। ਉਸ ਨੇ ਰੇਲ ਵਿੱਚ ਕਰੀਬ 22 ਘੰਟੇ ਖੜ੍ਹੇ ਹੋ ਕੇ ਖਾਰਕੀਵ ਤੋਂ ਲਵੀਵ ਤੱਕ ਸਫ਼ਰ ਕੀਤਾ। ਉਸ ਨੇ ਦੱਸਿਆ ਕਿ ਪੋਲੈਂਡ ਵਿੱਚ ਵੀਜ਼ਾ ਲਵਾਉਣ ਲਈ ਵੀ ਉਹ ਪੰਜ ਘੰਟੇ ਲਾਈਨ ਵਿੱਚ ਖੜ੍ਹੇ ਰਹੇ। ਉਨ੍ਹਾਂ ਦੱਸਿਆ ਕਿ ਅਜੇ ਵੀ ਯੁਕਰੇਨ ਵਿੱਚ ਬਹੁਤ ਵਿਦਿਆਰਥੀ ਫਸੇ ਹਨ, ਜਿਨ੍ਹਾਂ ਨੂੰ ਮਦਦ ਦੀ ਬਹੁਤ ਲੋੜ ਹੈ।