ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਅਪਰੈਲ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਟਰਮ-1 ਦੇ ਨਤੀਜਿਆਂ ਤੋਂ ਅਸੰਤੁਸ਼ਟ ਦਸਵੀਂ ਦੇ ਵਿਦਿਆਰਥੀਆਂ ਲਈ 26 ਮਾਰਚ ਤੇ ਬਾਰ੍ਹਵੀਂ ਲਈ 31 ਮਾਰਚ ਤਕ ਆਨਲਾਈਨ ਅਪਲਾਈ ਕਰ ਕੇ ਮੁੜ ਮੁਲਾਂਕਣ ਦੀ ਸਹੂਲਤ ਦਿੱਤੀ ਸੀ ਪਰ ਤਕਨੀਕੀ ਖਾਮੀਆਂ ਕਾਰਨ ਵੱਡੀ ਗਿਣਤੀ ਵਿਦਿਆਰਥੀਆਂ ਦੇ ਵੇਰਵੇ ਬੋਰਡ ਦੀ ਸਾਈਟ ’ਤੇ ਅਪਲੋਡ ਨਹੀਂ ਹੋਏ ਜਿਸ ਸਬੰਧੀ ਸ਼ਿਕਾਇਤਾਂ ਮਿਲਣ ਮਗਰੋਂ ਬੋਰਡ ਨੇ ਮੁੜ ਮੁਲਾਂਕਣ ਲਈ ਅਪਲਾਈ ਕਰਨ ਦੀ ਤਰੀਕ ਦੋਵਾਂ ਜਮਾਤਾਂ ਲਈ ਵਧਾ ਕੇ 20 ਅਪਰੈਲ ਕਰ ਦਿੱਤੀ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਸਕੂਲਾਂ ਨੇ ਵਿਦਿਆਰਥੀਆਂ ਦੇ ਅਧੂਰੇ ਵੇਰਵੇ ਹੀ ਬੋਰਡ ਨੂੰ ਭੇਜੇ ਹਨ। ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਅੱਜ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਕਈ ਵਿਦਿਆਰਥੀਆਂ ਦੀਆਂ ਆਨਲਾਈਨ ਡਿਸਪਿਊਟ ਰਿਡਰੈਸਲ ਮੈਕੇਨਿਜ਼ਮ ’ਤੇ ਰਜਿਸਟਰਡ ਨਾ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਸ ਲਈ ਵਿਦਿਆਰਥੀਆਂ ਨੂੰ ਇਕ ਹੋਰ ਮੌਕਾ ਦਿੱਤਾ ਗਿਆ ਹੈ ਪਰ ਸਕੂਲਾਂ ਵੱਲੋਂ ਤਰੀਕ ਲੰਘਣ ਮਗਰੋਂ ਭੇਜੇ ਵੇਰਵਿਆਂ ਵਿੱਚ ਦੁਬਾਰਾ ਕੋਈ ਸੋਧ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਆਪਣੇ ਸਕੂਲ ਨੂੰ ਲਿਖਤੀ ਸੂਚਿਤ ਕਰਨਾ ਪਵੇਗਾ, ਪਹਿਲਾਂ ਸਕੂਲ ਆਪਣੇ ਪੱਧਰ ’ਤੇ ਵਿਦਿਆਰਥੀਆਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰੇਗਾ। ਜੇਕਰ ਵਿਦਿਆਰਥੀ ਸੰਤੁਸ਼ਟ ਨਹੀਂ ਹੁੰਦੇ ਤਾਂ ਉਸ ਵਿਦਿਆਰਥੀ ਦੇ ਅੰਦਰੂਨੀ ਮੁਲਾਂਕਣ, ਪ੍ਰੈਕਟੀਕਲ ਦੇ ਅੰਕ ਅਤੇ ਸਬੰਧਤ ਪ੍ਰੀਖਿਆ ਦੇ ਮੁੜ ਮਲਾਂਕਣ ਸਬੰਧੀ ਵੇਰਵੇ ਇਕਸਾਰ ਅਪਲੋਡ ਕਰਨੇ ਪੈਣਗੇ।