ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਮਾਰਚ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਦਸਵੀਂ ਟਰਮ-1 ਦਾ ਨਤੀਜਾ ਐਲਾਨ ਦਿੱਤਾ ਸੀ ਤੇ ਬੋਰਡ ਨੇ ਸਕੂਲ ਮੁਖੀਆਂ ਨੂੰ ਸਰਕੁਲਰ ਜਾਰੀ ਕੀਤਾ ਹੈ ਕਿ ਜਿਹੜੇ ਵਿਦਿਆਰਥੀ ਆਪਣੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ ਉਹ ਬੋਰਡ ਨੂੰ 26 ਮਾਰਚ ਤੱਕ ਆਪਣੇ ਇਤਰਾਜ਼ ਦੇ ਸਕਦੇ ਹਨ। ਬੋਰਡ ਨੇ ਨਾਲ ਹੀ ਸਪੱਸ਼ਟ ਕੀਤਾ ਹੈ ਕਿ ਦਰਖਾਸਤ ਦੇਣ ਵਾਲੇ ਵਿਦਿਆਰਥੀਆਂ ਦੀਆਂ ਉੱਤਰ ਪੱਤਰੀਆਂ ਦੀ ਜਾਂਚ ਤੋਂ ਬਾਅਦ ਇਸ ਦਾ ਨਤੀਜਾ ਇਕਦਮ ਨਹੀਂ ਐਲਾਨਿਆ ਜਾਵੇਗਾ ਤੇ ਜੇ ਕਿਸੇ ਵਿਦਿਆਰਥੀ ਦੇ ਅੰਕ ਵਧਦੇ ਜਾਂ ਘਟਦੇ ਹੋਣਗੇ ਤਾਂ ਉਸ ਦਾ ਐਲਾਨ ਟਰਮ-2 ਦੇ ਨਤੀਜਿਆਂ ਤੋਂ ਬਾਅਦ ਹੀ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸੀਬੀਐੱਸਈ ਨੇ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀਆਂ ਲਈ ਆਨਲਾਈਨ ਡਿਸਪਿਊਟ ਰਿਡਰੈਸਲ ਸਿਸਟਮ ਮੁਹੱਈਆ ਕਰ ਦਿੱਤਾ ਹੈ ਜੋ ਸੀਬੀਐੱਸਈ ਡਾਟ ਨਿਕ ਡਾਟ ਇਨ ’ਤੇ ਮੁਹੱਈਆ ਹੈ। ਪੰਜਾਬ ਤੇ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਕਿਹਾ ਹੈ ਕਿ ਦਸਵੀਂ ਦੇ ਅੰਗਰੇਜ਼ੀ ਦੀ ਪ੍ਰੀਖਿਆ ਵਿੱਚ ਆਏ ਸਵਾਲਾਂ ਸਬੰਧੀ ਤੇ ਹੋਰ ਵਿਸ਼ਿਆਂ ਦੀ ਪ੍ਰੀਖਿਆ ਬਾਰੇ ਵੀ ਇਤਰਾਜ਼ ਹਨ ਜਿਸ ਸਬੰਧੀ ਉਹ ਬੋਰਡ ਦੇ ਆਨਲਾਈਨ ਪਲੇਟਫਾਰਮ ’ਤੇ ਆਪਣੀ ਸ਼ਿਕਾਇਤ ਦਰਜ ਕਰਵਾਉਣਗੇ।
ਜਿੱਥੇ ਟਰਮ-1 ਦੀ ਪ੍ਰੀਖਿਆ ਉਥੇ ਹੀ ਹੋਵੇਗੀ ਟਰਮ-2 ਦੀ ਪ੍ਰੀਖਿਆ
ਸੀਬੀਐੱਸਈ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਵਿਦਿਆਰਥੀਆਂ ਨੇ ਜਿੱਥੇ ਟਰਮ-1 ਦੀ ਪ੍ਰੀਖਿਆ ਦਿੱਤੀ ਹੈ ਉਨ੍ਹਾਂ ਵਿਦਿਆਰਥੀਆਂ ਨੂੰ ਉਥੇ ਹੀ ਟਰਮ-2 ਦੀ ਪ੍ਰੀਖਿਆ ਦੇਣੀ ਪਵੇਗੀ ਤੇ ਬੋੋਰਡ ਵੱਲੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਸੈਂਟਰ ਤਬਦੀਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਸਰਕੁਲਰ ਵਿੱਚ ਕਿਹਾ ਹੈ ਕਿ ਵਿਦਿਆਰਥੀਆਂ ਦੇ ਪ੍ਰੀਖਿਆਵਾਂ ਸਬੰਧੀ ਸਾਰੇ ਇਤਰਾਜ਼ ਦੂਰ ਕਰਨ ਦੇ ਯਤਨ ਕੀਤੇ ਜਾਣਗੇ।