ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਦਸੰਬਰ
ਸੀਬੀਐੱਸਈ ਵਲੋਂ 10ਵੀਂ ਤੇ 12ਵੀਂ ਜਮਾਤ ਦੇ ਪੇਪਰਾਂ ਵਿਚ ਸਿਲੇਬਸ ਬਾਹਰੋਂ ਤੇ ਅਸਪਸ਼ਟ ਸਵਾਲ ਪਾਉਣ ਦਾ ਮਾਮਲਾ ਵਧਦਾ ਜਾ ਰਿਹਾ ਹੈ। ਬੋਰਡ ਵਲੋਂ 12ਵੀਂ ਜਮਾਤ ਦਾ ਭੌਤਿਕ ਵਿਗਿਆਨ ਤੇ 10ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਜ਼ਰੂਰਤ ਨਾਲੋਂ ਔਖਾ ਆਉਣ ਕਾਰਨ ਵਿਦਿਆਰਥੀ ਪ੍ਰੇਸ਼ਾਨ ਹਨ। ਸੱਤ ਹਜ਼ਾਰ ਵਿਦਿਆਰਥੀਆਂ ਨੇ ਟਵਿੱਟਰ ’ਤੇ ਸੀਬੀਐਸਈ ਨੂੰ ਸਵਾਲ ਕੀਤਾ ਹੈ ਕਿ ਕਰੋਨਾ ਕਾਲ ਵਿਚ ਸਿਰਫ ਆਨਲਾਈਨ ਪੜ੍ਹਾਈ ਹੋਈ ਹੈ ਪਰ ਬੋਰਡ ਵਲੋਂ ਪ੍ਰੀਖਿਆਵਾਂ ਦੌਰਾਨ ਸਕੂਲੀ ਪੱਧਰ ਦੀ ਥਾਂ ਕਾਲਜ ਪੱਧਰ ਦੇ ਸਵਾਲ ਪਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਬੀਤੇ ਦਿਨੀਂ 12ਵੀਂ ਜਮਾਤ ਦਾ ਭੌਤਿਕ ਵਿਗਿਆਨ ਤੇ 10 ਵੀਂ ਦਾ ਅੰਗਰੇਜ਼ੀ ਦਾ ਪੇਪਰ ਸੀ। ਵਿਦਿਆਰਥੀਆਂ ਨੇ ਦੱਸਿਆ ਕਿ ਭੌਤਿਕ-ਵਿਗਿਆਨ ਦਾ ਪੇਪਰ ਬਹੁਤ ਲੰਬਾ ਸੀ ਤੇ ਇਸ ਨੂੰ ਮਾਹਰ ਵੀ 90 ਮਿੰਟ ਵਿੱਚ ਹੱਲ ਨਹੀਂ ਕਰ ਸਕਦੇ ਸਨ। ਸੀਬੀਐਸਈ ਨਾਲ਼ ਲੰਮਾ ਸਮਾਂ ਜੁੜੇ ਰਹੇ ਇੱਕ ਅਧਿਆਪਕ ਨੇ ਦੱਸਿਆ ਕਿ ਪ੍ਰਸ਼ਨ-ਪੱਤਰ ਬਣਾਉਣ ਸਮੇਂ ਔਸਤ ਵਿਦਿਆਰਥੀਆਂ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ। ਭੌਤਿਕ-ਵਿਗਿਆਨ ਦੇ ਪੇਪਰ ਵਿੱਚ ਸਿਧਾਂਤਕ ਪੱਖੀ ਪ੍ਰਸ਼ਨਾਂ ਨਾਲੋਂ ਜ਼ਿਆਦਾ ਨੂਮੈਰੀਕਲ ਸਨ, ਜਿਨ੍ਹਾਂ ਨੂੰ ਹੱਲ ਕਰਨ ਲਈ ਜ਼ਿਆਦਾ ਸਮਾਂ ਚਾਹੀਦਾ ਹੈ। ਵਿਦਿਆਰਥੀਆਂ ਦੀ ਮੰਗ ਹੈ ਕਿ ਸਕੂਲ ’ਚ ਪੜ੍ਹਾਉਣ ਵਾਲ਼ੇ ਅਧਿਆਪਕਾਂ ਤੋਂ ਪੇਪਰਾਂ ਦੀ ਪੜਚੋਲ ਕਰਵਾ ਕੇ ਬਣਦੇ ਅੰਕ ਦਿੱਤੇ ਜਾਣ।
ਅੰਗਰੇਜ਼ੀ ਦਾ ਪੇਪਰ ਸਹੀ ਸੀ: ਪ੍ਰੀਖਿਆਵਾਂ ਕੰਟਰੋਲਰ
ਵਿਦਿਆਰਥੀਆਂ ਨੇ ਦੱਸਿਆ ਕਿ 12ਵੀਂ ਜਮਾਤ ਦੇ ਅੰਗਰੇਜ਼ੀ ਜਮਾਤ ਦਾ ਪੇਪਰ ਸਹੀ ਨਾ ਹੋਣ ਦਾ ਲੋਕ ਸਭਾ ਵਿਚ ਵੀ ਰੌਲਾ ਪਿਆ। ਦੂਜੇ ਪਾਸੇ ਸੀਬੀਐਸਈ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਦੱਸਿਆ ਕਿ ਅੰਗਰੇਜ਼ੀ ਦੇ ਸਾਰੇ ਸਵਾਲ ਸਹੀ ਸਨ। ਉਨ੍ਹਾਂ ਮੰਨਿਆ ਕਿ ਸਵਾਲ ਔਖੇ ਜ਼ਰੂਰ ਸਨ ਪਰ ਇਹ ਪ੍ਰੀਖਿਆ ਸਕੂਲ ਪੱਧਰ ਦੀ ਨਾ ਹੋ ਕੇ ਬੋਰਡ ਪੱਧਰ ਦੀ ਸੀ।