ਪਾਲ ਸਿੰਘ ਨੌਲੀ
ਜਲੰਧਰ, 3 ਮਾਰਚ
ਰੂਸ-ਯੂਕਰੇਨ ਜੰਗ ਦੇ ਅੱਜ ਅੱਠਵੇਂ ਦਿਨ ਵੀ ਉਥੇ ਹੋ ਰਹੀ ਬੰਬਾਰੀ ਦੌਰਾਨ ਖਾਰਕੀਵ ਤੇ ਉਸ ਦੇ ਨੇੜਲੇ ਸ਼ਹਿਰ ਪਾਈਸੋਚਿਨ ਦੇ ਰੇਲਵੇ ਸਟੇਸ਼ਨਾਂ ’ਤੇ 1700 ਤੋਂ ਵੱਧ ਭਾਰਤੀ ਵਿਦਿਆਰਥੀ ਫਸੇ ਹੋਏ ਹਨ ਤੇ ਇਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਹਨ। ਇਨ੍ਹਾਂ ਰੇਲਵੇ ਸਟੇਸ਼ਨਾਂ ’ਤੇ ਉਨ੍ਹਾਂ ਨੂੰ ਜਿਥੇ ਖਾਣ-ਪੀਣ ਦਾ ਸਾਮਾਨ ਖਰੀਦਣ ਦੀ ਸਮੱਸਿਆ ਆ ਰਹੀ ਹੈ, ਉੱਥੇ ਹੀ ਸਥਾਨਕ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਵੀਡੀਓ ਬਣਾਉਣ ਅਤੇ ਫੋਟੋ ਖਿੱਚਣ ’ਤੇ ਪਾਬੰਦੀ ਲਾ ਦਿੱਤੀ ਹੈ।
ਭਾਰਤੀ ਵਿਦਿਆਰਥੀਆਂ ਨੂੰ ਰੇਲ ਗੱਡੀਆਂ ’ਚ ਚੜ੍ਹਨ ਸਮੇਂ ਨਸਲੀ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸ-ਯੂਕਰੇਨ ਜੰਗ ਨਾਲ ਜਿੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੱਡ ਚੀਰਵੀਂ ਠੰਢ ਨੇ ਵੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਾਈਆਂ ਹੋਈਆਂ ਹਨ।ਖਾਰਕੀਵ ਦੇ ਹੋਸਟਲਾਂ ਵਿੱਚੋਂ 1200 ਦੇ ਕਰੀਬ ਵਿਦਿਆਰਥੀ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਰੇਲਵੇ ਸਟੇਸ਼ਨ ’ਤੇ ਪਹੁੰਚ ਗਏ ਹਨ, ਉਥੇ ਖਾਰਕੀਵ ਤੋਂ ਕਰੀਬ 35 ਕਿਲੋਮੀਟਰ ਦੂਰ ਪਾਈਸੋਚਿਨ ਵਿੱਚ ਵੀ 500 ਵਿਦਿਆਰਥੀ ਰੇਲਵੇ ਸਟੇਸ਼ਨ ’ਤੇ ਪਹੁੰਚ ਗਏ ਹਨ। ਉਨ੍ਹਾਂ ਵੱਲੋਂ ਆਪਣੇ ਮਾਪਿਆਂ ਨਾਲ ਲਗਾਤਾਰ ਸੰਪਰਕ ਸਾਧਿਆ ਜਾ ਰਿਹਾ ਹੈ ਤੇ ਆਪਣੀ ਸੁੱਖ-ਸਾਂਦ ਦੱਸੀ ਜਾ ਰਹੀ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਕੀਵ ਤੋਂ ਬਾਅਦ ਖਾਰਕੀਵ, ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਜਿਥੇ ਸਭ ਤੋਂ ਵੱਧ ਯੂਨੀਵਰਸਿਟੀਆਂ ਹਨ। ਇਨ੍ਹਾਂ ਇਲਾਕਿਆਂ ’ਚ ਬੰਬਾਰੀ ਤੇ ਗੋਲਾਬਾਰੀ ਜ਼ਿਆਦਾ ਹੋਣ ਕਾਰਨ ਉਥੋਂ ਨਿਕਲਣ ਵਿੱਚ ਮੁਸ਼ਕਲ ਆ ਰਹੀ ਹੈ। ਯੂਕਰੇਨ ’ਚੋਂ ਬਾਹਰ ਨਿਕਲਣ ਲਈ ਵਿਦਿਆਰਥੀ ਪੋਲੈਂਡ, ਹੰਗਰੀ, ਰੋਮਾਨੀਆ, ਸਲੋਵਾਕੀਆ ਤੇ ਮਾਲਦੋਵਾ ਦੀਆਂ ਸਰਹੱਦਾਂ ਵੱਲ ਜਾ ਰਹੇ ਹਨ।
ਖਾਰਕੀਵ ਤੋਂ ਵਿਦਿਆਰਥੀਆਂ ਦੀ ਅਗਵਾਈ ਕਰ ਰਹੇ ਡਾ. ਕਰਨ ਸੰਧੂ ਨੇ ਦੱਸਿਆ ਕਿ ਸਵੇਰੇ 6 ਵਜੇ ਕਰਫਿਊ ’ਚ ਢਿੱਲ ਦਿੱਤੀ ਗਈ ਸੀ, ਉਦੋਂ ਹੀ ਵਿਦਿਆਰਥੀਆਂ ਦਾ ਕਾਫ਼ਲਾ ਰੇਲਵੇ ਸਟੇਸ਼ਨ ਲਈ ਨਿਕਲਿਆ ਸੀ।
ਰੇਲਵੇ ਸਟੇਸ਼ਨ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਤੇ ਉਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਵਿਦਿਆਰਥੀਆਂ ਨੂੰ ਨਾ ਤਾਂ ਵੀਡੀਓ ਬਣਾਉਣ ਦੇ ਰਹੇ ਹਨ ਤੇ ਨਾ ਹੀ ਫੋਟੋ ਖਿੱਚਣ ਦੀ ਇਜਾਜ਼ਤ ਦੇ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਬੱਸਾਂ ਵਿੱਚ ਸਵਾਰ ਹੋ ਕੇ ਕਰੀਬ 200 ਵਿਦਿਆਰਥੀ ਰੋਮਾਨੀਆ ਪੁੱਜੇ ਹਨ।
ਜਲੰਧਰ ਦੇ ਰਹਿਣ ਵਾਲੇ ਡਾ. ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਬੱਚੇ ਯੂਕਰੇਨ ’ਚ ਡਾਕਟਰੀ ਕਰਨ ਲਈ ਗਏ ਸਨ। ਹੁਣ ਇਹ ਤਿੰਨੇ ਬੱਚੇ ਸਰਹੱਦ ਪਾਰ ਕਰਕੇ ਰੋਮਾਨੀਆ ਪਹੁੰਚ ਚੁੱਕੇ ਹਨ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਰਹਿਣ ਲਈ ਟੈਂਟ ਅਤੇ ਖਾਣੇ ਦਾ ਪ੍ਰਬੰਧ ਕੀਤਾ ਹੋਇਆ ਹੈ। ਡਾ. ਲਲਿਤ ਸੰਦਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਖਾਰਕੀਵ ਤੋਂ ਰੇਲ ਗੱਡੀ ਰਾਹੀਂ ਲਾਵੀਵ ਪਹੁੰਚਿਆ ਤੇ ਉੱਥੋਂ ਬੱਸ ’ਤੇ ਪੋਲੈਂਡ ਦੀ ਸਰਹੱਦ ਨੇੜੇ ਚਲਾ ਗਿਆ ਹੈ।