ਗਗਨਦੀਪ ਅਰੋੜਾ
ਲੁਧਿਆਣਾ, 28 ਫਰਵਰੀ
ਯੂਕਰੇਨ ਦੇ ਖਾਰਕੀਵ ਸ਼ਹਿਰ ’ਚ ਮੈਡੀਕਲ ਤੇ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਗਏ ਹਜ਼ਾਰਾਂ ਵਿਦਿਆਰਥੀਆਂ ਦੇ ਮਾਪੇ ਫਿਕਰਮੰਦ ਹਨ। ਪਿੰਡ ਬੁਲਾਰਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਿਮਰਪ੍ਰੀਤ ਸਿੰਘ ਪੰਜ ਸਾਲ ਪਹਿਲਾਂ ਯੂਕਰੇਨ ’ਚ ਮੈਡੀਕਲ ਦੀ ਪੜ੍ਹਾਈ ਕਰਨ ਗਿਆ ਸੀ। ਉਨ੍ਹਾਂ ਦੀ ਰੋਜ਼ਾਨਾ ਹੋ ਰਹੀ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਹ ਮੈਟਰੋ ਸਟੇਸ਼ਨ ਦੇ ਬੇਸਮੈਂਟ ’ਚ ਰਹਿ ਰਹੇ ਹਨ। ਉਨ੍ਹਾਂ ਕੋਲ ਖਾਣ-ਪੀਣ ਦਾ ਚਾਰ ਦਿਨ ਸਾਮਾਨ ਹੈ ਤੇ ਪੈਸੇ ਵੀ ਕਾਫ਼ੀ ਘੱਟ ਹਨ। ਏਟੀਐੱਮ ’ਚੋਂ ਪੈਸੇ ਨਿਕਲ ਨਹੀਂ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਕਹਿ ਰਹੀ ਹੈ ਕਿ ਬੱਚੇ ਗੁਆਂਢੀ ਦੇਸ਼ਾਂ ਤੱਕ ਪੁੱਜ ਜਾਣ ਪਰ ਮਸਲਾ ਇਹ ਹੈ ਕਿ ਯੁੱਧ ਦੌਰਾਨ ਉਹ ਉੱਥੇ ਕਿਵੇਂ ਪੁੱਜਣ। 1200 ਕਿਲੋਮੀਟਰ ਦਾ ਰਸਤਾ ਸੜਕ ਰਾਹੀਂ ਤੈਅ ਕਰਨਾ ਸੰਭਵ ਨਹੀਂ ਹੈ। ਉਪਰੋਂ ਬੰਬ ਡਿੱਗ ਰਹੇ ਹਨ ਅਤੇ ਗੋਲੀਬਾਰੀ ਹੋ ਰਹੀ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਨਾਲ ਗੱਲ ਹੁੰਦੀ ਹੈ ਤਾਂ ਉਹ ਦਿਲਾਸਾ ਦੇਣ ਲਈ ਆਖਦੇ ਹਨ ਕਿ ਸਾਰਾ ਕੁਝ ਠੀਕ ਹੈ ਪਰ ਉਨ੍ਹਾਂ ਨੂੰ ਪਤਾ ਹੈ ਕਿ ਕੁਝ ਵੀ ਠੀਕ ਨਹੀਂ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਬੱਚਿਆਂ ਨੂੰ ਯੂਕਰੇਨ ਦੇ ਖਾਰਕੀਵ ਤੋਂ ਕਿਸੇ ਤਰ੍ਹਾਂ ਬਾਹਰ ਕੱਢ ਕੇ ਗੁਆਂਢੀ ਸੂਬੇ ਤੱਕ ਪੁੱਜਦਾ ਕਰਨ ਅਤੇ ਵਾਪਸ ਭਾਰਤ ਲਿਆਉਣ। ਹੁਣ ਪ੍ਰਸ਼ਾਸਨ ਨੇ ਉਨ੍ਹਾਂ ਤੋਂ ਸਿਮਰਪ੍ਰੀਤ ਸਿੰਘ ਦਾ ਡਾਟਾ ਲਿਆ ਹੈ।
ਬਿਸਕੁਟ ਖਾ ਕੇ ਗੁਜ਼ਾਰਾ ਕਰ ਰਹੀ ਹੈ ਸਮਿਧੀ
ਲੁਧਿਆਣਾ ਤੋਂ ਯੂਕਰੇਨ ਦੇ ਖਾਰਕੀਵ ’ਚ ਪੜ੍ਹਾਈ ਕਰਨ ਵਾਲੀ ਸਮਿਧੀ ਦੇ ਪਿਤਾ ਕਮਲਜੀਤ ਕੁਮਾਰ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਲੜਕੀ ਪੜ੍ਹਨ ਲਈ ਯੂਕਰੇਨ ਗਈ ਸੀ। 10 ਦਿਨ ਪਹਿਲਾਂ ਉਸ ਦਾ ਫੋਨ ਆਇਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਯੂਨੀਵਰਸਿਟੀ ’ਚ ਗੱਲ ਕਰਕੇ ਵਾਪਸ ਆ ਜਾਵੇ ਪਰ ਯੂਨੀਵਰਸਿਟੀ ਵਾਲਿਆਂ ਨੇ ਆਗਿਆ ਨਹੀਂ ਦਿੱਤੀ। ਖਾਣੇ ਲਈ ਉਨ੍ਹਾਂ ਕੋਲ ਰਾਸ਼ਨ ਨਹੀਂ ਹੈ, ਪੈਸੇ ਨਿਕਲ ਨਹੀਂ ਰਹੇ। ਲੜਕੀ ਤੇ ਉਸ ਦੇ ਸਾਥੀਆਂ ਕੋਲ ਜੋ ਬਿਸਕੁਟ ਆਦਿ ਤੇ ਹੋਰ ਸਾਮਾਨ ਸੀ, ਉਹ ਮਿਲ ਵੰਡ ਕੇ ਖਾ ਰਹੇ ਹਨ। ਲੜਕੀ ਦੇ ਨਾਲ ਫੋਨ ’ਤੇ ਗੱਲ ਕਰਦਿਆਂ ਦੱਸਿਆ ਕਿ ਹਾਲਾਤ ਕਾਫ਼ੀ ਖਰਾਬ ਹਨ। ਸੜਕ ਮਾਰਗ ਵਰਤਣ ਦੀ ਆਗਿਆ ਨਹੀਂ ਹੈ।