ਸੰਜੀਵ ਬੱਬੀ
ਚਮਕੌਰ ਸਾਹਿਬ, 3 ਅਗਸਤ
ਸਰਕਾਰ ਵੱਲੋਂ ਸ਼ਹਿਰ ’ਚ ਸੁੰਦਰੀਕਰਨ ਦੇ ਚੱਲ ਰਹੇ ਕੰਮਾਂ ਨੂੰ ਹੁਣ ਜਿਵੇਂ ਗ੍ਰਹਿਣ ਲਗਦਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਨਗਰ ਪੰਚਾਇਤ ਦੇ ਸਫ਼ਾਈ ਕਾਮਿਆਂ ਵੱਲੋਂ ਸ਼ਹਿਰ ਦੇ 13 ਵਾਰਡਾਂ ਵਿੱਚ ਲੋਕਾਂ ਵੱਲੋਂ ਸੁੱਟੀ ਗੰਦਗੀ ਨੂੰ ਚੁੱਕ ਕੇ ਬੱਸ ਸਟੈਂਡ ਦੇ ਪਿਛਲੇ ਪਾਸੇ ਸੁੱਟਿਆ ਜਾ ਰਿਹਾ ਹੈ। ਇਸ ਕਾਰਨ ਚੱਲ ਰਹੇ ਬਰਸਾਤ ਦੇ ਮੌਸਮ ਦੌਰਾਨ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਗੰਦਗੀ ਕੋਲੋਂ ਲੰਘਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ, ਕਿਉਂਕਿ ਗਰਮੀ ਕਾਰਨ ਗੰਦਗੀ ਵਿੱਚੋਂ ਬਦਬੂ ਆ ਰਹੀ ਹੈ। ਇਸ ਕਾਰਨ ਰਾਹਗੀਰਾਂ ਨੂੰ ਕੋਲੋਂ ਲੰਘਦੇ ਸਮੇਂ ਮੂੰਹ ਢਕ ਕੇ ਜਾਣਾ ਪੈਂਦਾ ਹੈ।
ਇੱਥੇ ਹੀ ਬਸ ਨਹੀਂ ਜਿਸ ਥਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਉਥੋਂ ਕੁਝ ਦੂਰੀ ’ਤੇ ਜਲ ਸਪਲਾਈ ਵਿਭਾਗ ਦੇ ਦਫ਼ਤਰ ਸਣੇ ਪ੍ਰਾਇਮਰੀ ਤੇ ਸਰਕਾਰੀ ਕੰਨਿਆ ਸਕੂਲ ਸਥਿਤ ਹਨ। ਦਿਨੋਂ-ਦਿਨ ਗੰਦਗੀ ਦੇ ਢੇਰ ਵਧਦੇ ਹੀ ਜਾ ਰਹੇ ਹਨ, ਜਿਸ ਕਾਰਨ ਇਨ੍ਹਾਂ ਗੰਦਗੀ ਦੇ ਢੇਰਾਂ ਦੀ ਬਦਬੂ ਸਕੂਲਾਂ ਤੱਕ ਵੀ ਪਹੁੰਚ ਰਹੀ ਹੈ। ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਸਣੇ ਹੋਰ ਮੁਲਾਜ਼ਮ ਵੀ ਇਸ ਰਸਤੇ ਰਾਹੀਂ ਹੀ ਲੰਘਣ ਲਈ ਮਜਬੂਰ ਹਨ। ਕੇਵਲ ਇਸ ਵਰਤਾਰੇ ਦੀ ਹੀ ਗੱਲ ਕੀਤੀ ਜਾਵੇ ਤਾਂ ਇਹ ਪੱਖ ਤਾਂ ਸਪੱਸ਼ਟ ਹੈ ਕਿ ਕੁਝ ਲੋਕ ਜਾਣੇ ਅਣਜਾਣੇ ਸਵੱਛ ਭਾਰਤ ਮੁਹਿੰਮ ਨੂੰ ਅਣਗੌਲਿਆ ਕਰ ਰਹੇ ਹਨ, ਪਰ ਇਸ ਪਿੱਛੇ ਛੁਪੀ ਸਰਕਾਰੀ ਨਾਕਾਮੀ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ।
ਇਸ ਸਬੰਧੀ ਕਾਰਜਸਾਧਕ ਅਫ਼ਸਰ ਅਵਤਾਰ ਚੰਦ ਦਾ ਪੱਖ ਜਾਣਨ ਲਈ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਾਰ-ਵਾਰ ਫੋਨ ਕਰਨ ’ਤੇ ਫੋਨ ਨਹੀਂ ਚੁੱਕਿਆ।