ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 29 ਅਪਰੈਲ
ਮੁਹਾਲੀ ਏਅਰਪੋਰਟ ਸੜਕ ’ਤੇ ਵਾਪਰੇ ਹਾਦਸੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਕਾਰ ਵਿੱਚ ਸਵਾਰ ਦੋ ਹੋਰ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਏ ਹਨ। ਮ੍ਰਿਤਕ ਦੀ ਪਛਾਣ ਪਰਮਪ੍ਰੀਤ ਸਿੰਘ (22) ਵਾਸੀ ਪਿੰਡ ਕੈਲੋਂ ਵਜੋਂ ਹੋਈ ਹੈ ਅਤੇ ਜ਼ਖ਼ਮੀਆਂ ਵਿੱਚ ਹਰਦਮਨ ਸਿੰਘ (21) ਅਤੇ ਅਵਨੀਤ (21) ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਨੌਜਵਾਨ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਹੋਟਲ ਮੈਨੇਜਮੈਂਟ ਦੇ ਤੀਜੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ ਜਦੋਂਕਿ ਜ਼ਖ਼ਮੀ ਨੌਜਵਾਨ ਵੀ ਇਸੇ ਕਾਲਜ ਵਿੱਚ ਪੜ੍ਹਦੇ ਹਨ ਅਤੇ ਉਹ ਵੀ ਹੋਟਲ ਮੈਨੇਜਮੈਂਟ ਦੀ ਡਿਗਰੀ ਕਰ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਕਾਰ ਨੂੰ ਪਰਮਪ੍ਰੀਤ ਸਿੰਘ ਚਲਾ ਰਿਹਾ ਸੀ। ਘਟਨਾ ਲੰਘੀ ਰਾਤ ਵਾਪਰੀ ਦੱਸੀ ਜਾ ਰਹੀ ਹੈ। ਹਾਦਸਾ ਸੜਕ ’ਤੇ ਕਾਰ ਅੱਗੇ ਅਚਾਨਕ ਲਾਵਾਰਿਸ ਪਸ਼ੂ ਦੇ ਆਉਣ ਕਾਰਨ ਵਾਪਰਿਆ ਤੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਅਤੇ ਸੜਕ ਵਿਚਕਾਰ ਬਣੇ ਡਿਵਾਈਡਰ ਨਾਲ ਟਕਰਾ ਕੇ ਪੁਲ ਦੇ ਹੇਠਾਂ ਖਤਾਨਾਂ ਵਿੱਚ ਜਾ ਡਿੱਗੀ ਅਤੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਚਕਨਾਚੂਰ ਹੋ ਗਈ।
ਪੁਲੀਸ ਨੇ ਕਾਰ ਵਿੱਚੋਂ ਤਿੰਨਾਂ ਨੌਜਵਾਨਾਂ ਨੂੰ ਮੁਸ਼ਕਲ ਨਾਲ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਮੁਹਾਲੀ ਪਹੁੰਚਾਇਆ ਗਿਆ ਪਰ ਪਰਮਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਤਿੰਨੇ ਨੌਜਵਾਨ ਮੁਹਾਲੀ ਤੋਂ ਖਰੜ ਵੱਲ ਖਾਣਾ ਖਾਣ ਜਾ ਰਹੇ ਸਨ। ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਹਾਦਸੇ ਬਾਰੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਹਵਾਲਾਤੀ ਦੀ ਭੇਤ-ਭਰੀ ਹਾਲਤ ਵਿੱਚ ਮੌਤ
ਰੂਪਨਗਰ (ਜਗਮੋਹਨ ਸਿੰਘ): ਇੱਥੋਂ ਦੀ ਜੇਲ੍ਹ ਵਿੱਚ ਕਤਲ ਕੇਸ ਦੇ ਮਾਮਲੇ ਵਿੱਚ ਵਿਚਾਰਅਧੀਨ ਕੈਦੀ ਦੀ ਮੁਹਾਲੀ ਵਿੱਚ ਪੇਸ਼ੀ ਤੋਂ ਪਹਿਲਾਂ ਹੀ ਸ਼ੱਕੀ ਹਾਲਤ ਵਿੱਚ ਮੋਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਨੇ ਦੱਸਿਆ ਕਿ ਹਵਾਲਾਤੀ ਸੁਮਨ ਕੁਮਾਰ (25) ਠੀਕ-ਠਾਕ ਸੀ ਅਤੇ ਉਸ ਨੂੰ ਬੀਤੇ ਦਿਨ ਬੁਖਾਰ ਚੜ੍ਹਿਆ ਸੀ। ਇਸ ਸਬੰਧੀ ਜੇਲ੍ਹ ਵਿੱਚ ਦਵਾਈ ਦੇ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਅਚਾਨਕ ਉਸ ਦੀ ਸਿਹਤ ਜ਼ਿਆਦਾ ਵਿਗੜ ਜਾਣ ਉਪਰੰਤ ਸਿਵਲ ਹਸਪਤਾਲ ਰੂਪਨਗਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੂਜੇ ਪਾਸੇ ਹਸਪਤਾਲ ਵਿੱਚ ਪੁੱਜੇ ਸੁਮਨ ਕੁਮਾਰ ਦਾ ਮਾਤਾ-ਪਿਤਾ ਅਤੇ ਭੈਣ ਨੇ ਦੱਸਿਆ ਕਿ ਉਹ ਸੁਮਨ ਕੁਮਾਰ ਨੂੰ ਪੇਸ਼ੀ ਦੌਰਾਨ ਮਿਲਣ ਲਈ ਮੁਹਾਲੀ ਅਦਾਲਤ ਜਾ ਰਹੇ ਸਨ। ਉਨ੍ਹਾਂ ਨੂੰ ਪੁਲੀਸ ਵਾਲਿਆਂ ਦਾ ਫੋਨ ਆਇਆ ਕਿ ਸੁਮਨ ਦੀ ਸਿਹਤ ਖ਼ਰਾਬ ਹੋ ਗਈ ਹੈ ਅਤੇ ਰੂਪਨਗਰ ਹਸਪਤਾਲ ਪਹੁੰਚਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਰੂਪਨਗਰ ਪਹੁੰਚੇ ਤਾਂ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤ ਬੇਕਸੂਰ ਸੀ ਅਤੇ ਉਸ ਨੂੰ ਕਤਲ ਕੇਸ ਦੇ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸੁਮਨ ਪਹਿਲਾਂ ਸੰਗਰੂਰ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ ਅਤੇ ਲਗਭਗ 7 ਕੁ ਮਹੀਨੇ ਪਹਿਲਾਂ ਹੀ ਰੂਪਨਗਰ ਦੀ ਜੇਲ੍ਹ ਵਿੱਚ ਆਇਆ ਸੀ।