ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਗਸਤ
ਇੱਥੇ 12ਵੀਂ ਜਮਾਤ ਦੀ ਵਿਦਿਆਰਥਣ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਲੜਕੀ ਦਾ ਪਿਤਾ ਕੰਮ ਤੋਂ ਘਰ ਪਰਤਿਆ। ਪਰਿਵਾਰ ਵਾਲਿਆਂ ਨੇ ਹੀ ਇਸ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਹੈ। ਫਾਹਾ ਲੈਣ ਵਾਲੀ ਲੜਕੀ ਦੀ ਪਛਾਣ ਗੁਰੂ ਨਾਨਕ ਸਰ ਨਗਰ ਦੀ ਰਹਿਣ ਵਾਲੀ ਮੁਸਕਾਨ ਵਜੋਂ ਹੋਈ ਹੈ। ਉਸ ਦੇ ਮਾਤਾ-ਪਿਤਾ ਫੈਕਟਰੀ ਵਿੱਚ ਕੰਮ ਕਰਦੇ ਹਨ। ਪੁਲੀਸ ਦਾ ਕਹਿਣਾ ਹੈ ਕਿ ਪਰਿਵਾਰ ਅਨੁਸਾਰ ਮੁਸਕਾਨ ਪੜ੍ਹਾਈ ਵਿੱਚੋਂ ਕਮਜ਼ੋਰ ਸੀ ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦੀ ਸੀ। ਉਹ ਸ਼ਨਿਚਰਵਾਰ ਪੇਪਰ ਦੇ ਕੇ ਘਰ ਆਈ ਸੀ ਅਤੇ ਘਰ ਵਿੱਚ ਇਕੱਲੀ ਸੀ। ਉਸ ਦੇ ਮਾਪੇ ਜਦੋਂ ਵਾਪਸ ਆਏ ਤਾਂ ਦਰਵਾਜ਼ਾ ਬੰਦ ਸੀ। ਪਰਿਵਾਰ ਨੇ ਜਦੋਂ ਦਰਵਾਜ਼ਾ ਤੋੜਿਆ ਤਾਂ ਲੜਕੀ ਦੇ ਫਾਹਾ ਲੈਣ ਬਾਰੇ ਪਤਾ ਲੱਗਿਆ। ਏਐਸਆਈ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।