ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਜੂਨ
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ੂਟਰਾਂ ਨੂੰ ਅਸਲਾ ਸਪਲਾਈ ਕਰਨ ਦੇ ਦੋਸ਼ ਤਹਿਤ ਇੱਕ ਹੋਰ ਮੁਲਜ਼ਮ ਨੂੰ ਫਾਰਚੂਨਰ ਗੱਡੀ ਅਤੇ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਸਤਬੀਰ ਸਿੰਘ ਵਾਸੀ ਪਿੰਡ ਤਲਵੰਡੀ ਰਾਏ ਦਾਦੂ (ਅੰਮ੍ਰਿਤਸਰ) ਵਜੋਂ ਹੋਈ। ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਅੱਜ ਇੱਥੇ ਦੱਸਿਆ ਹੈ ਕਿ ਮੁਲਜ਼ਮ ਦੇ ਕਬਜ਼ੇ ਵਿੱਚੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਅਸਲਾ ਸਪਲਾਈ ਵਿੱਚ ਵਰਤੀ ਫਾਰਚੂਨਰ ਕਾਰ, ਇਕ ਪਿਸਤੌਲ, ਦੇਸੀ ਕੱਟਾ 315 ਬੋਰ ਤੇ 2 ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੇ 3 ਸਾਥੀਆਂ ਮਨਦੀਪ ਸਿੰਘ ਉਰਫ਼ ਤੂਫਾਨ ਵਾਸੀ ਪੂਰਨ ਦਾ ਕੋਠਾ ਬਟਾਲਾ (ਗੁਰਦਾਸਪੁਰ), ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਪਿੰਡ ਮੱਦ ਥਾਣਾ ਖੁਲਚੀਆਂ (ਅੰਮ੍ਰਿਤਸਰ) ਅਤੇ ਇੱਕ ਅਣਪਛਾਤੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਸਤਬੀਰ ਸਿੰਘ ਨੇ ਮੰਨਿਆ ਕਿ ਉਸ ਨੂੰ ਸੰਦੀਪ ਸਿੰਘ ਕਾਹਲੋਂ ਉਰਫ਼ ਸੋਨਾ ਵਾਸੀ ਪਿੰਡ ਦੰਦਪੁਰ, ਫਤਹਿਗੜ੍ਹ ਚੂੜੀਆਂ ਨੇ ਇਹ ਪਿਸਤੌਲ ਅਤੇ ਕਾਰਤੂਸ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਬਾਂਸਲ ਕੁਆਲਿਟੀ ਫਿਊਲ ਇੰਡੀਅਨ ਆਇਲ ਪੈਟਰੋਲ ਪੰਪ ਬਠਿੰਡਾ ਵਿੱਚ ਸ਼ੂਟਰਾਂ ਤਕ ਅਸਲਾ ਪਹੁੰਚਾਇਆ ਸੀ। ਉਨ੍ਹਾਂ ਦੱਸਿਆ ਕਿ ਚਾਰੇ ਜਣੇ ਅੰਮ੍ਰਿਤਸਰ ਤੋਂ ਲੁਧਿਆਣਾ ਦੇ ਰਸਤਿਓਂ ਦਿੱਲੀ ਨੂੰ ਜਾ ਰਹੇ ਸੀ, ਜਿਨ੍ਹਾਂ ’ਚੋਂ ਤਿੰਨ ਜਣੇ ਰਸਤੇ ਵਿੱਚ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਫਾਰਚੂਨਰ ਵਿੱਚੋਂ ਉਤਰ ਗਏ। ਜਲੰਧਰ ਬਾਈਪਾਸ ਕੋਲ ਪੁਲੀਸ ਨੇ ਸਤਬੀਰ ਸਿੰਘ ਨੂੰ ਅਸਲੇ ਅਤੇ ਫਾਰਚੂਨਰ ਸਮੇਤ ਕਾਬੂ ਕਰਕੇ ਥਾਣਾ ਸਲੇਮ ਟਾਬਰੀ ਲੁਧਿਆਣਾ ਵਿੱੱਚ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਤਬੀਰ ਸਿੰਘ ਅਤੇ ਉਸ ਦੇ ਸਾਥੀ ਸੰਦੀਪ ਸਿੰਘ ਕਾਹਲੋਂ ਉਰਫ਼ ਸੋਨਾ ਦੇ ਸਟੱਡ ਫਾਰਮ ਹਨ। ਇਸ ਮਾਮਲੇ ਵਿੱਚ ਰਣਜੀਤ ਸਿੰਘ ਵਾਸੀ ਪਿੰਡ ਦੰਦਪੁਰ , ਫਤਹਿਗੜ੍ਹ ਚੂੜੀਆਂ (ਅੰਮ੍ਰਿਤਸਰ) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।