ਪਟਿਆਲਾ (ਸਰਬਜੀਤ ਸਿੰਘ ਭੰਗੂ): ਖੇਤੀ ਕਾਨੂੰਨ ਰੱਦ ਕਰਾਉਣ ਅਤੇ ਕੇਂਦਰ ਸਰਕਾਰ ਦੀਆਂ ਗ਼ੈਰਜਮਹੂਰੀ ਕਾਰਵਾਈਆਂ ਖ਼ਿਲਾਫ਼ ਸਾਂਝੇ ਕਿਸਾਨ ਮੋਰਚੇ ਵੱਲੋਂ ਚੱਕਾ ਜਾਮ ਕਰਨ ਦੇ ਸੱਦੇ ਨੂੰ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਜ਼ਿਲ੍ਹੇ ਅੰਦਰ ਚੌਵੀ ਥਾਵਾਂ ’ਤੇ ਚੱਕਾ ਜਾਮ ਕਰਨ ਦੀ ਇਸ ਕਾਰਵਾਈ ਦੌਰਾਨ ਨਾ ਸਿਰਫ਼ ਕਿਸਾਨਾਂ ਬਲਕਿ ਸ਼ਹਿਰੀ ਖੇਤਰ ਦੇ ਲੋਕਾਂ, ਇੱਥੋਂ ਤਕ ਕਿ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਸਮੇਤ ਕਿੰਨਰ ਸਮਾਜ ਦੇ ਨੁਮਾਇੰਦਿਆਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ। ਕਿਸਾਨ ਸੰਘਰਸ਼ ਨਾਲ ਮੁੱਢ ਤੋਂ ਜੁੜੇ ਗਾਇਕ ਪੰਮੀ ਬਾਈ ਨੇ ਧਰੇੜੀ ਜੱਟਾਂ ਟੌਲ ਪਲਾਜ਼ੇ ’ਤੇ ਧਰਨੇ ’ਚ ਸ਼ਿਰਕਤ ਕੀਤੀ। ਇੱਥੇ ਕਲਾਕਾਰ ਬਿੰਨੂ ਢਿੱਲੋਂ ਅਤੇ ਦੇਵ ਖਰੌੜ ਨੇ ਵੀ ਹਾਜ਼ਰੀ ਲਵਾਈ। ਪਟਿਆਲਾ ਜ਼ਿਲ੍ਹੇ ਵਿੱਚ ਫੁਆਰਾ ਚੌਕ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਚੌਕ, ਫੱਗਣਮਾਜਰਾ, ਕਲਿਆਣ ਟੌਲ ਪਲਾਜ਼ਾ, ਢੈਂਠਲ, ਜੌੜੀਆਂ ਸੜਕਾਂ ਤੇ ਪਸਿਆਣਾ ਕੈਂਚੀਆ ਆਦਿ ਥਾਵਾਂ ’ਤੇ ਧਰਨੇ ਲੱਗੇ। ਲੋਕ ਰੋਹ ਤੋਂ ਡਰਦਿਆਂ ਜਾਂ ਕਿਸੇ ਹੋਰ ਕਾਰਨ ਪਰ ਸਿਆਸੀ ਆਗੂਆਂ ਨੇ ਮੁੱਖ ਰੂਪ ਵਿੱਚ ਚੱਕਾ ਜਾਮ ਦੇ ਇਸ ਪ੍ਰੋਗਰਾਮ ਤੋਂ ਦੂਰੀ ਹੀ ਬਣਾ ਕੇ ਰੱਖੀ। ਭਾਵੇਂ ਕਿ ਐੱਸਐੱਸਪੀ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠ ਸਭ ਥਾਵਾਂ ’ਤੇ ਪੁਲੀਸ ਫੋਰਸ ਤਾਇਨਾਤ ਰਹੀ ਪਰ ਪੁਲੀਸ ਦਾ ਤਰਕ ਹੈ ਕਿ ਜ਼ਿਲ੍ਹੇ ਅੰਦਰ ਪ੍ਰਦਰਸ਼ਨ ਸ਼ਾਤੀਪੂਰਵਕ ਨੇਪਰੇ ਚੜ੍ਹੇ।