ਜਸਵੰਤ ਜੱਸ
ਫ਼ਰੀਦਕੋਟ, 7 ਸਤੰਬਰ
ਇੱਥੋਂ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਬੀਐੱਸਸੀ ਖੇਤੀਬਾੜੀ ਵਿਭਾਗ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਨੇ ਅੱਜ ਤੋਂ ਪੱਕੇ ਤੌਰ ’ਤੇ ਭੁੱਖ ਹੜਤਾਲ ਉੱਪਰ ਬੈਠਣ ਦਾ ਐਲਾਨ ਕੀਤਾ ਹੈ। ਪਹਿਲੇ ਦਿਨ ਭੁੱਖ ਹੜਤਾਲ ’ਤੇ ਬੈਠੇ ਗੁਰਦਿੱਤ ਸਿੰਘ ਸੇਖੋਂ ਅਤੇ ਹੈਪੀ ਬਰਾੜ ਨੇ ਕਿਹਾ ਕਿ ਜਿੰਨਾ ਚਿਰ ਤੱਕ ਬੀਐੱਸਸੀ ਖੇਤੀਬਾੜੀ ਦੀਆਂ ਕਲਾਸਾਂ ਦੁਬਾਰਾ ਚਾਲੂ ਨਹੀਂ ਹੋ ਜਾਂਦੀਆਂ, ਓਨਾ ਚਿਰ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਬੀਐੱਸਸੀ ਖੇਤੀਬਾੜੀ ਲਈ ਬ੍ਰਿਜਿੰਦਰਾ ਕਾਲਜ ਕੋਲ ਲੋੜੀਂਦੀ 25 ਏਕੜ ਜ਼ਮੀਨ ਨਹੀਂ ਹੈ। ਇਸ ਤੋਂ ਇਲਾਵਾ ਵਿਭਾਗ ਵਿੱਚ 10 ਪ੍ਰੋਫ਼ੈਸਰਾਂ ਦੀ ਘਾਟ ਹੈ ਅਤੇ ਲੈਬਾਰਟਰੀ ਵਿਚ ਵੀ ਲੋੜੀਂਦਾ ਸਾਮਾਨ ਨਹੀਂ ਹੈ, ਜਿਸ ਕਰਕੇ ਖੇਤੀਬਾੜੀ ਕੌਂਸਲ ਨੇ ਇਸ ਵਾਰ ਬੀਐੱਸਸੀ ਖੇਤੀਬਾੜੀ ਲਈ ਦਾਖ਼ਲਿਆਂ ਨੂੰ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਖੇਤੀਬਾੜੀ ਦੀ ਪੜ੍ਹਾਈ ਖ਼ਾਸ ਸਾਜ਼ਿਸ਼ ਤਹਿਤ ਬੰਦ ਕੀਤੀ ਜਾ ਰਹੀ ਹੈ ਤਾਂ ਜੋ ਪਿੰਡਾਂ ਦੇ ਗ਼ਰੀਬ ਬੱਚੇ ਉੱਚ ਸਿੱਖਿਆ ਹਾਸਲ ਨਾ ਕਰ ਸਕਣ। ਹਰਬਿੰਦਰ ਸਿੰਘ, ਹੈਪੀ ਬਰਾੜ, ਜਗਮੀਤ ਸਿੰਘ ਸੁੱਖਣਵਾਲਾ ਅਤੇ ਬੇਅੰਤ ਕੌਰ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਗਲਤ ਫ਼ੈਸਲੇ ਨਾਲ ਨਿੱਜੀ ਕਾਲਜਾਂ ਨੂੰ ਵੱਡੇ ਲਾਭ ਦੇਣ ਦੀ ਕੋਸ਼ਿਸ਼ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ ਇਹ ਘਾਟਾਂ ਦੂਰ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਸਰਕਾਰ ਨੇ ਬੀਐੱਸਸੀ ਖੇਤੀਬਾੜੀ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੇਸ਼ਵ ਕੁਮਾਰ ਆਜ਼ਾਦ ਨੇ ਵੀ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਨਿੰਦਾ ਕੀਤੀ ਹੈ।