ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਸਤੰਬਰ
ਭਲਕੇ 25 ਸਤੰਬਰ ਦੇ ‘ਰੇਲ ਰੋਕੋ ਅਤੇ ਭਾਰਤ ਬੰਦ’ ਦੇ ਸੱਦੇ ਨੂੰ ਅਸਰਦਾਰ ਬਣਾਉਣ ਲਈ ਦੇਸ਼ ਦੀਆਂ ਮੁੱਖ ਦਸ ਟਰੇਡ ਯੂਨੀਅਨਾਂ ਵੱਲੋਂ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲਾਂ ਅਤੇ ਵਸਤਾਂ ਬਾਰੇ ਤਬਦੀਲੀ ਬਿੱਲ ਦਾ ਵਿਰੋਧ ਕੀਤਾ ਜਾਵੇਗਾ। ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ ਦੇ ਕੌਮੀ ਪ੍ਰਧਾਨ ਸੱਤਿਆਵਾਨ ਸਿੰਘ ਮੁਤਾਬਕ ਦੇਸ਼ ਦੀਆਂ ਮੁੱਖ ਟਰੇਡ ਯੂਨੀਅਨਾਂ ਵੱਲੋਂ ਭਲਕ ਦੇ ਭਾਰਤ ਬੰਦ ਦੌਰਾਨ ਸਥਾਨਕ ਮੰਡੀਆਂ, ਕਸਬਿਆਂ ਤੇ ਪਿੰਡਾਂ ਵਿਚ ਕੇਂਦਰ ਸਰਕਾਰ ਦੇ ਪੁਤਲੇ ਫੂਕਣ, ਬਿੱਲ ਦੀਆਂ ਕਾਪੀਆਂ ਸਾੜਨ, ਕੌਮੀ ਹਾਈਵੇਅ ਅਤੇ ਲਿੰਕ ਸੜਕਾਂ ’ਤੇ ਜਲੂਸ ਕੱਢਣ, ਮੰਡੀਆਂ ਵਿਚ ਰੋਸ ਪ੍ਰਦਰਸ਼ਨ ਕਰਨ, ਜ਼ਿਲ੍ਹਾ ਹੈੱਡਕੁਆਰਟਰਾਂ ਅੱਗੇ ਰੋਸ ਮੁਜ਼ਾਹਰੇ ਕਰਨ ਦਾ ਪ੍ਰੋਗਰਾਮ ਹੈ।
ਏਟਕ ਦੀ ਕੌਮੀ ਆਗੂ ਅਮਰਜੀਤ ਕੌਰ ਨੇ ਆਖਿਆ ਕਿ ਖੇਤੀ ਸੁਧਾਰ ਬਿੱਲਾਂ ਦੇ ਨਾਂ ’ਤੇ ਕਿਸਾਨੀ ਦਾ ਜੋ ਘਾਣ ਹੋਇਆ ਹੈ, ਉਸ ਨਾਲ ਜਿੱਥੇ ਕਿਸਾਨ, ਮਜ਼ਦੂਰ ਪ੍ਰੇਸ਼ਾਨ ਹੋਣਗੇ, ਉੱਥੇ ਹੀ ਖਪਤਕਾਰ ਵੀ ਪਿਸਣਗੇ ਕਿਉਂਕਿ ਕੇਂਦਰ ਸਰਕਾਰ ਨੇ ਵਸਤਾਂ ਬਾਰੇ ਬਿੱਲ ਪਾਸ ਕਰ ਕੇ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਕਾਰੋਬਾਰ ਦੇਣ ਦਾ ਮਨਸੂਬਾ ਬਣਾ ਲਿਆ ਹੈ। ਖੇਤੀ ਹੋਵੇਗੀ, ਫ਼ਸਲ ਵਿਕੇਗੀ ਪਰ ਉਸ ਵਿਚੋਂ ਕਿਸਾਨ ਮਨਫ਼ੀ ਹੋ ਜਾਵੇਗਾ। ‘ਇੰਟਕ’ ਦੇ ਅਸ਼ੋਕ ਸਿੰਘ ਨੇ ਕਿਹਾ ਕਿ ਤਾਲਮੇਲ ਕਰ ਕੇ ਕਿਸਾਨਾਂ ਨਾਲ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਕਾਰਕੁਨ ਲੱਗੇ ਹੋਏ ਹਨ।
‘ਏਆਈਯੂਟੀਯੂਸੀ’ ਵੱਲੋਂ ਆਰ.ਕੇ. ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਣਕ ਦਾ ਭਾਅ 50 ਰੁਪਏ ਵਧਾਇਆ ਜਦਕਿ ਖਾਦ ਦਾ ਮੁੱਲ ਪਹਿਲਾਂ ਹੀ 150 ਰੁਪਏ ਵਧ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰ ਕੇ ਉਨ੍ਹਾਂ ਦੇ ਸੰਘਰਸ਼ ਵਿਚ ਸਾਥ ਦਿੱਤਾ ਜਾਵੇਗਾ। ਹਿੰਦ ਮਜ਼ਦੂਰ ਸਭਾ ਦੇ ਹਰਭਜਨ ਸਿੰਘ ਸਿੱਧੂ ਨੇ ਕਿਹਾ ਕਿ ਜੇ ਸਰਕਾਰ ਨਾ ਝੁਕੀ ਤਾਂ ਲੋਕ ਕੇਂਦਰ ਸਰਕਾਰ ਨੂੰ ਸਬਕ ਸਿਖਾ ਦੇਣਗੇ ਕਿਉਂਕਿ ਜਦੋਂ ਕਿਸਾਨਾਂ ਦੇ ਹੱਕ ਮਰਦੇ ਦਿਸਦੇ ਹਨ ਤਾਂ ਉਹ ਸਰਕਾਰਾਂ ਨੂੰ ਝੁਕਾ ਲੈਂਦੇ ਹਨ। ਏਆਈਸੀਸੀਟੀਯੂ ਦੇ ਰਾਜੀਵ ਧਾਰਨੀ ਨੇ ਕਿਹਾ ਕਿ ਦਿੱਲੀ ਅਤੇ ਦੇਸ਼ ਵਿਚ ਹੋਣ ਵਾਲੇ ਪ੍ਰੋਗਰਾਮਾਂ ‘ਚ ਸ਼ਿਰਕਤ ਕੀਤੀ ਜਾਵੇਗੀ ਅਤੇ ਝਾਰਖੰਡ, ਬਿਹਾਰ, ਪੰਜਾਬ ਤੇ ਹਰਿਆਣਾ ਸਮੇਤ ਹੋਰ ਥਾਵਾਂ ਵਿਚ ਸੰਘਰਸ਼ਸ਼ੀਲਾਂ ਨਾਲ ਮੋਢਾ ਜੋੜਨਗੇ।